ਦੇਵਿੰਦਰ ਸਿੰਘ ਜੱਗੀ
ਪਾਇਲ, 24 ਅਕਤੂਬਰ
ਪਿੰਡ ਭੁੱਟੇ ਦੇ ਤਿੰਨ ਨੌਜਵਾਨ ਬੀਤੀ ਰਾਤ ਲਗਪਗ 7-8 ਵਜੇ ਭੇਤ ਭਰਾ ਹਾਲਾਤ ਵਿੱਚ ਸਰਹਿੰਦ ਨਹਿਰ ਦੀ ਬਠਿੰਡਾ ਬਰਾਂਚ ਵਿੱਚ ਸੁੰਨਾ ਨਹਿਰੀ ਪੁਲ ਪਿੰਡ ਝੱਮਟ ਕੋਲ ਨਹਿਰ ਵਿੱਚ ਡਿੱਗ ਗਏ। ਘਟਨਾ ਸਥਾਨ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਵਾਸੀ ਭੁੱਟਾ ਨੇ ਦੱਸਿਆ ਕਿ ਉਸ ਦਾ ਬੇਟਾ ਨਰਿੰਦਰ ਸਿੰਘ (25) ਘਰੋਂ ਵਾਲ ਕਟਵਾਉਣ ਲਈ ਆਪਣੇ ਦੋਸਤ ਜਗਜੀਤ ਸਿੰਘ ਤੇ ਬਲਰਾਜ ਸਿੰਘ ਵਾਸੀਆਨ ਭੁੱਟਾ ਨਾਲ ਗਿਆ ਸੀ। ਇਸ ਮਗਰੋਂ ਰਾਤ ਲਗਪਗ 9 ਵਜੇ ਉਸ ਨੂੰ ਬਲਰਾਜ ਸਿੰਘ ਨੇ ਮੋਬਾਈਲ ਫੋਨ ਰਾਹੀਂ ਦੱਸਿਆ ਕਿ ਉਹ ਤਿੰਨ ਜਣੇ ਨਹਿਰ ਵਿੱਚ ਡਿੱਗ ਪਏ ਹਨ ਤੇ ਉਹ ਬੜੀ ਮੁਸ਼ਕਲ ਨਾਲ ਬਾਹਰ ਨਿਕਲ ਸਕਿਆ ਹੈ। ਬਲਰਾਜ ਨੇ ਦੱਸਿਆ ਕਿ ਨਰਿੰਦਰ ਤੇ ਜਗਜੀਤ ਪਾਣੀ ਦੇ ਵਹਾਅ ਵਿੱਚ ਰੁੜ ਗਏ ਹਨ।
ਇਸ ਮਗਰੋਂ ਮਨਜੀਤ ਸਿੰਘ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ’ਤੇ ਪਹੁੰਚੇ। ਜਿੱਥੇ ਦਿਨ ਚੜ੍ਹਦਿਆਂ ਸਾਰ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਮਗਰੋਂ ਦੁਪਹਿਰ ਬਾਅਦ ਨਰਿੰਦਰ ਸਿੰਘ ਦੀ ਲਾਸ਼ ਮਿਲੀ ਜਦਕਿ ਤੀਸਰੇ ਲੜਕੇ ਦੀ ਭਾਲ ਹਾਲੇ ਜਾਰੀ ਹੈ। ਨਰਿੰਦਰ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਖੰਨਾ ਵਿੱਚ ਭੇਜੀ ਗਈ ਹੈ ਤੇ ਇਸ ਸਬੰਧ ਵਿੱਚ ਸਿਆੜ ਪੁਲੀਸ ਚੌਕੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਚੌਕੀ ਇੰਚਾਰਜ ਸੁਖਦੀਪ ਸਿੰਘ ਗਿੱਲ ਨੇ ਦੱਸਿਆ ਕਿ ਬਲਰਾਜ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੀਸਰੇ ਨੌਜਵਾਨ ਦੀ ਭਾਲ ਕੀਤੀ ਜਾਰ ਹੀ ਹੈ।