ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਅਕਤੂਬਰ
ਰੇਲਵੇ ਬੀ-ਬਲਾਕ ਕਲੋਨੀ ਨੇੜੇ ਨਈਆ ਵਾਲਾ ਰੋਡ ’ਤੇ ਅੱਜ ਸਵੇਰੇ ਅਧਖੜ ਉਮਰ ਦੀ ਔਰਤ ਦੀ ਸੜੀ ਹੋਈ ਲਾਸ਼ ਮਿਲੀ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਇਲਾਕੇ ’ਚ ਲੋਕਾਂ ਨੂੰ ਸੜਦੇ ਮਾਸ ਦੀ ਬਦਬੂ ਆਈ ਅਤੇ ਉਨ੍ਹਾਂ ਨੂੰ ਨੇੜੇ ਖਾਲੀ ਇਲਾਕੇ ਵਿੱਚ ਔਰਤ ਦੀ ਲਾਸ਼ ਮਿਲੀ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮਾਂ ਵੀ ਜਾਂਚ ਲਈ ਘਟਨਾ ਵਾਲੀ ਥਾਂ ’ਤੇ ਪਹੁੰਚ ਗਈਆਂ ਸਨ। ਵਧੀਕ ਡਿਪਟੀ ਕਮਿਸ਼ਨਰ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਮ੍ਰਿਤਕ ਔਰਤ ਦੀ ਪਛਾਣ ਵਾਸਤੇ ਯਤਨ ਕੀਤੇ ਜਾ ਰਹੇ ਹਨ। ਉਸ ਬਾਰੇ ਸੁਰਾਗ ਲੱਭਣ ਲਈ ਆਸ-ਪਾਸ ਦੇ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ।