ਪੱਤਰ ਪ੍ਰੇਰਕ
ਮੋਰਿੰਡਾ, 26 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਬਲਾਕ ਮੋਰਿੰਡਾ ਵਲੋਂ ਅਨਾਜ ਮੰਡੀ ਮੋਰਿੰਡਾ ਦਾ ਦੌਰਾ ਕਰਦਿਆਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਮੋਰਚੇ ਦੇ ਆਗੂ ਦਲਜੀਤ ਸਿੰਘ ਚਲਾਕੀ ਅਤੇ ਗੁਰਚਰਨ ਸਿੰਘ ਢੋਲਣਮਾਜਰਾ ਨੇ ਦੱਸਿਆ ਕਿ ਖ਼ਰੀਦ ਅਤੇ ਚੁਕਾਈ ਕਾਫ਼ੀ ਧੀਮੀ ਗਤੀ ਨਾਲ ਹੋ ਰਹੀ ਹੈ। ਕੁੱਝ ਕਿਸਾਨਾਂ ਵਲੋਂ ਆੜ੍ਹਤੀਆਂ ਵੱਲੋਂ ਝੋਨਾ ਕੱਟ ਲਗਾ ਕੇ ਭਰਨ ਦੀ ਵੀ ਗੱਲ ਕਹੀ ਗਈ ਹੈ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਸ ਕਿਸਾਨ ਦੇ ਝੋਨੇ ’ਤੇ ਕੱਟ ਲੱਗਿਆ ਹੈ, ਉਹ ਕਿਸਾਨ ਦਰਖ਼ਾਸਤ ਦੇਣ, ਇਸ ਤੋਂ ਬਾਅਦ ਸਬੰਧਤ ਆੜ੍ਹਤੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਅਤੇ ਆੜ੍ਹਤੀ ਐਸੋਸੀਏਸ਼ਨ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਸਾਥ ਦੇਣ।