ਗੋਗੀ ਜ਼ੀਰਾ
ਆ ਨੀਂ ਦੀਵਾਲੀਏ ਆ ਨੀਂ ਦੀਵਾਲੀਏ
ਸਾਰਿਆਂ ਨੂੰ ਤੇਰਾ ਬੜਾ ਚਾਅ ਨੀਂ ਦੀਵਾਲੀਏ
ਆ ਨੀਂ ਦੀਵਾਲੀਏ…।
ਚਿਰਾਂ ਤੋਂ ਉਦਾਸ ਬੈਠੇ ਪਰਿਵਾਰ ਨੀਂ
ਮਾਪੇ ਨੇ ਉਡੀਕਦੇ ਤੇ ਬੱਚੇ ਬਾਹਰ ਨੀਂ
ਆਾਪਸ ’ਚ ਇਨ੍ਹਾਂ ਨੂੰ ਮਿਲਾ ਨੀਂ ਦੀਵਾਲੀਏ
ਆ ਨੀਂ ਦੀਵਾਲੀਏ…।
ਨਿੱਕੇ ਬੱਚਿਆਂ ਦੀ ਮੁੱਕ ਜੇ ਉਡੀਕ ਨੀਂ
ਰਟੀ ਬੈਠੇ ਤੇਰੇ ਆਉਣ ਦੀ ਤਰੀਕ ਨੀਂ
ਭੋਲ਼ਿਆਂ ਦਾ ਚਿਤ ਪਰਚਾ ਨੀਂ ਦੀਵਾਲੀਏ
ਆ ਨੀਂ ਦੀਵਾਲੀਏ…।
ਵਪਾਰੀ ਤੇਰੇ ਕੋਲੋਂ ਲਾਈ ਬੈਠੇ ਆਸ ਨੀਂ
ਕਾਰੋਬਾਰ ਲਈ ਇਹ ਤਿਉਹਾਰ ਖਾਸ ਨੀਂ
ਦਿਲ ਦੀਆਂ ਰੀਝਾਂ ਪੁਗਾ ਨੀਂ ਦੀਵਾਲੀਏ
ਆ ਨੀਂ ਦੀਵਾਲੀਏ…।
ਘਰਾਂ ਦੀਆਂ ਦੇਖ ਲੈ ਸਫਾਈਆਂ ਹੋਣ ਨੀਂ
ਫੇਰਾ ਤੇਰੇ ਪਾਉਣ ’ਤੇ ਵਧਾਈਆਂ ਹੋਣ ਨੀਂ
ਖੁਸ਼ੀਆਂ ਦੇ ਦੀਪ ਜਗਾ ਨੀਂ ਦੀਵਾਲੀਏ
ਆ ਨੀਂ ਦੀਵਾਲੀਏ…।
ਦੇਖੀਂ ਕਿਸੇ ਵਿਹੜੇ ਵਿੱਚ ਵੈਣ ਪੈਣ ਨਾ
ਕਾਲੀ ਏ ਦੀਵਾਲੀ ਲੋਕੀਂ ਤੈਨੂੰ ਕਹਿਣ ਨਾ
ਕੋਈ ਕਿਸੇ ਨੂੰ ਨਾ ਦੇਵੇ ਦਗਾ ਨੀਂ ਦੀਵਾਲੀਏ
ਆ ਨੀਂ ਦੀਵਾਲੀਏ ਆ ਨੀਂ ਦੀਵਾਲੀਏ।
ਸੰਪਰਕ: 97811-36240
*******
ਪਿੰਡਾਂ ਦੀ ਦੀਵਾਲੀ
ਸਰੂਪ ਚੰਦ ਹਰੀਗੜ੍ਹ
ਕਿਸੇ ਘਰ ਬਣੀ ਗੋਭੀ, ਕਿਸੇ ਮਟਰ ਪਨੀਰ ਜੀ
ਦੁੱਧ ਸੇਵੀਆਂ ਵਿੱਚ ਪਾਇਆ, ਕਿਸੇ ਰਿੰਨ੍ਹੀ ਅੱਜ ਖੀਰ ਜੀ।
ਸਰਬ ਸਾਂਝਾ ਹੈ ਤਿਉਹਾਰ, ਲੱਗੇ ਸਭ ਨੂੰ ਪਿਆਰਾ ਏ
ਪਿੰਡਾਂ ਦੀ ਦੀਵਾਲੀ ਦਾ ਜੀ, ਵੱਖਰਾ ਨਜ਼ਾਰਾ ਏ।
ਗੋਹਾ ਮਿੱਟੀ ਲਾ ਕੇ ਪੋਚੇ, ਚੁੱਲ੍ਹੇ ਚੌਂਕੇ ਸੋਹਣੇ ਲੱਗਦੇ
ਹਰੇ ਪੀਲੇ ਰੰਗਾਂ ’ਚ ਮਕਾਨ ਬੜੇ ਫੱਬਦੇ।
ਜਗਦੇ ਨੇ ਦੀਵੇ, ਸਜੇ ਵਾੜਾ ਤੇ ਗਹਾਰਾਂ ਏ
ਪਿੰਡਾਂ ਦੀ ਦੀਵਾਲੀ ਦਾ ਜੀ, ਵੱਖਰਾ ਨਜ਼ਾਰਾ ਏ।
ਘਰ ਦੇ ਬਣਾਏ ਲੱਡੂ, ਖੋਏ ਦੀਆਂ ਪਿੰਨੀਆਂ
ਆਟੇ ਦੀਆਂ ਮੱਠੀਆਂ ਸੁਆਦ ਰਸਭਿੰਨੀਆਂ।
ਤੇਲ ਦੇ ਪਕੌੜੇ ਚਿੱਤ ਕਰਦੇ ਕਰਾਰਾ ਏ
ਪਿੰਡਾਂ ਦੀ ਦੀਵਾਲੀ ਦਾ ਜੀ, ਵੱਖਰਾ ਨਜ਼ਾਰਾ ਏ।
ਚਲਾਉਂਦੇ ਨੇ ਪਟਾਕੇ ਰਲ, ਚੱਲਦੀ ਹਵਾਈ ਏ
ਫੁੱਲਝੜੀ ਚੱਕਰਾਂ ਨੇ ਕੀਤੀ ਰੋਸ਼ਨਾਈ ਏ।
ਸੱਥਾਂ ਵਿੱਚ ਸਬੂਤ ਬੱਚੇ, ਬੁੱਢੇ, ਪੇਂਡੂ ਭਾਈਚਾਰਾ ਏ
ਪਿੰਡਾਂ ਦੀ ਦੀਵਾਲੀ ਦਾ ਜੀ, ਵੱਖਰਾ ਨਜ਼ਾਰਾ ਏ।
ਵੜੇਵਿਆਂ ਵਿੱਚ ਤੇਲ ਪਾ ਕੇ, ਜਗਣ ਮਸ਼ਾਲਾਂ ਨੇ
ਮਿੱਟੀ ਦਿਆਂ ਚੂੰਗੜਿਆਂ ਕੀਤੀਆਂ ਕਮਾਲਾਂ ਨੇ।
ਹਰ ਘਰ ਵਿਹੜਾ ਲੱਗੇ, ਸਰੂਪ ਚਾਨਣ ਮੁਨਾਰਾ ਏ
ਪਿੰਡਾਂ ਦੀ ਦੀਵਾਲੀ ਦਾ ਜੀ ਵੱਖਰਾ ਨਜ਼ਾਰਾ ਏ।
ਸੰਪਰਕ: 99143-85202
*******
ਦੀਵਾਲੀ
ਓਮਕਾਰ ਸੂਦ ਬਹੋਨਾ
ਸੱਚੇ ਮਨ ’ਚੋਂ ਗੀਤ ਪਿਆਰ ਦਾ ਆਪਾਂ ਗਾਈਏ
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਧੂੰਆਂ ਰਹਿਤ ਮੁਹੱਬਤ ਵਾਲੀ ਹਰੀ ਦੀਵਾਲੀ
ਹੁੰਦੀ ਸਦਾ ਹੀ ਚਾਵਾਂ ਦੇ ਨਾਲ ਭਰੀ ਦੀਵਾਲੀ
ਦੂਸ਼ਤ ਹੋਣੋਂ ਆਪਾਂ ਵਾਤਾਵਰਨ ਬਚਾਈਏ
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਖਾਈਏ ਕਸਮ ਕਿ ਸ਼ੁੱਧ ਮਿਠਾਈ ਆਪਾਂ ਖਾਣੀ
ਵਿਕਦੀ ਵਿੱਚ ਬਾਜ਼ਾਰਾਂ ਜੋ ਉਹ ਮੂੰਹ ਨਹੀਂ ਲਾਣੀ
ਮਿਲਾਵਟ ਖੋਰਾਂ ਨੂੰ ਆਪਣਾ ਰੋਸ ਦਿਖਾਈਏ।
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਹਿੰਮਤ ਕਰਕੇ ਸ਼ੁੱਧ ਮਿਠਾਈ ਘਰੇ ਬਣਾਈਏ
ਖਾਈਏ ਭਾਵੇਂ ਥੋੜ੍ਹੀ ਆਪਾਂ ਸ਼ੁੱਧ ਹੀ ਖਾਈਏ
ਮਿਲਾਵਟ ਖੋਰਾਂ ਦੀ ਸਭ ਚਾਲ ਅਸਫਲ ਬਣਾਈਏ।
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਪਟਾਕੇ ਘੱਟ ਵਜਾਉਣੇ ਹੈ ਮਤਾ ਪਕਾਉਣਾ
ਚਾਰ ਚੁਫ਼ੇਰਾ ਆਪਾਂ ਹੈ ਸ਼ੁੱਧ ਬਣਾਉਣਾ
ਜੂਏ ਸ਼ਰਾਬ ਜਿਹੇ ਨਸ਼ੇ ਨੂੰ ਦੁਰਕਾਰ ਵਖਾਈਏ।
ਆਓ ਸਾਰੇ ਰਲ ਮਿਲ ਕੇ ਦੀਵਾਲੀ ਮਨਾਈਏ।
ਸੰਪਰਕ: 96540-36080