ਨਿੱਜੀ ਪੱਤਰ ਪ੍ਰੇਰਕ
ਬਟਾਲਾ, 27 ਅਕਤੂਬਰ
ਕਾਂਗਰਸੀ ਆਗੂ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੇ ਕਾਂਗਰਸ ਆਗੂ ਅਮਨ ਜੈਂਤੀਪੁਰ ਦੇ ਦਫ਼ਤਰ ਵਿੱਚ ਕਾਂਗਰਸ ਵਰਕਰਾਂ ਨਾਲ ਮੀਟਿੰਗ ਕੀਤੀ, ਜਿੱਥੇ ਉਨ੍ਹਾਂ ਵਰਕਰਾਂ ਨਾਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਉਪ ਚੋਣ ਦੀ ਰਣਨੀਤੀ ਬਾਰੇ ਵਿਚਾਰਾਂ ਕੀਤੀਆਂ। ਰੰਧਾਵਾ ਨੇ ਮੀਟਿੰਗ ’ਚ ਵਰਕਰਾਂ ਨੂੰ ਦੱਸਿਆ ਕਿ ਇਸ ਹਲਕੇ ਦੇ ਲੋਕ ਪਹਿਲਾਂ ਵਾਂਗ ਹੀ ਇਸ ਵਾਰ ਵੀ ਕਾਂਗਰਸ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਦਾ ‘ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਾਅਦੇ ਅਤੇ ਦਾਅਵਿਆਂ ’ਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਮੌਕੇ ਅਮਨ ਜੈਂਤੀਪੁਰ ਨੇ ਰੰਧਾਵਾ ਨੂੰ ਭਰੋਸਾ ਦਿੱਤਾ ਕਿ ਉਹ ਡੇਰਾ ਬਾਬਾ ਨਾਨਕ ਦੀ ਸੀਟ ’ਤੇ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ।