ਜਸਬੀਰ ਸ਼ੇਤਰਾ
ਜਗਰਾਉਂ, 27 ਅਕਤੂਬਰ
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਰਸੂਲਪੁਰ, ਮੱਲ੍ਹਾ, ਮਾਣੂੰਕੇ, ਲੰਮੇ ਜੱਟਪੁਰਾ ਤੇ ਲੱਖਾ ਦੀਆਂ ਮੰਡੀਆਂ ’ਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨੇ ਝੋਨੇ ਵਾਲੀ ਨਮੀ ਦੀ ਸ਼ਰਤ ਰੱਖੀ ਹੈ ਅਤੇ ਦੂਜੇ ਪਾਸੇ ਕਈ ਦਿਨਾਂ ਤੋਂ ਮੰਡੀਆਂ ’ਚੋਂ ਚੁਕਾਈ ਨਹੀਂ ਹੋ ਰਹੀ ਜਿਸ ਦਾ ਸਿੱਧਾ ਅਸਰ ਮੰਡੀਆਂ ’ਚ ਕੰਮ ਕਰਦੇ ਮਜ਼ਦੂਰਾਂ ’ਤੇ ਪਵੇਗਾ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਪੰਜਾਬ ਦੀਆਂ ਦਾਣਾ ਮੰਡੀਆਂ ’ਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ 17 ਫ਼ੀਸਦੀ ਨਮੀ ਦੀ ਸ਼ਰਤ ਕਾਰਨ, ਝੋਨੇ ਦੀ ਖਰੀਦ ਅਤੇ ਚੁਕਾਈ ਨਾ ਹੋਣ ਕਾਰਨ ਜਿੱਥੇ ਪੰਜਾਬ ਦੇ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ ਹਨ, ਉੱਥੇ ਇਨ੍ਹਾਂ ਨਾਲੋਂ ਵੀ ਦਾਣਾ ਮੰਡੀਆਂ ’ਚ ਦਿਨ ਰਾਤ ਇੱਕ ਕਰਕੇ ਹੱਡਭੰਨ੍ਹਵੀਂ ਮਿਹਨਤ ਨਾਲ ਝੋਨੇ ਦੀ ਸਾਫ਼ ਸਫ਼ਾਈ, ਤੋਲ-ਤੁਲਾਈ ਕਰ ਕੇ ਜਿਣਸ ਦੀਆਂ ਬੋਰੀਆਂ ਨੂੰ ਗੱਡੀਆਂ ’ਚ ਲੱਦਣ ਵਾਲੇ ਗਰੀਬ ਕਿਰਤੀ ਵੱਧ ਦੁਖੀ ਹਨ। ਮਜ਼ਦੂਰਾਂ ਨੇ ਜਥੇਬੰਦੀ ਨੂੰ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਾਈ ਗਈ 17 ਫ਼ੀਸਦੀ ਨਮੀ ਦੀ ਸਖ਼ਤ ਸ਼ਰਤ ਕਾਰਨ ਉਹ ਇਸ ਵਾਰ ਝੋਨੇ ਦੇ ਸੀਜ਼ਨ ਤੋਂ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕੰਮ ਜਿਣਸ ਦੀ ਟਰਾਲੀ ’ਚੋਂ ਲੁਹਾਈ ਕਰ ਕੇ ਸਾਫ਼ ਸਫ਼ਾਈ ਕਰਨੀ ਅਤੇ ਮਾਲ ਤੋਲ ਕੇ ਬੋਰੀਆਂ ’ਚ ਭਰਨਾ ਹੈ, ਪਰ 17 ਫ਼ੀਸਦੀ ਨਮੀ ਦੀ ਸਖ਼ਤ ਸ਼ਰਤ ਕਾਰਨ ਮਜ਼ਦੂਰਾਂ ਨੂੰ ਜਿਣਸ ਦੀ ਟਰਾਲੀ ’ਚੋਂ ਲੁਹਾਈ ਤੋਂ ਬਾਅਦ ਝੋਨੇ ਨੂੰ ਖਿਲਾਰ ਕੇ ਪੂਰੀ ਤਰ੍ਹਾਂ ਸੁਕਾਉਣ ਦਾ ਵਾਧੂ ਬੋਝ ਪਾ ਦਿੱਤਾ ਗਿਆ ਹੈ। ਇਸ ਤਰ੍ਹਾਂ ਝੋਨੇ ਦੀ ਜਿਣਸ ਨੂੰ ਖਿਲਾਰ ਕੇ ਸੁਕਾਉਣ ਲਈ 2 ਤੋਂ 4 ਦਿਨ ਲੱਗ ਜਾਂਦੇ ਹਨ ਪਰ ਮਜ਼ਦੂਰ ਨੂੰ ਇਸ ਕੰਮ ਦੀ ਕੋਈ ਵੱਖਰੀ ਮਿਹਨਤ ਨਹੀਂ ਮਿਲਦੀ ਅਤੇ ਇਸ ਤਰ੍ਹਾਂ ਝੋਨਾ ਖਿਲਾਰ ਕੇ, ਮੰਡੀਆਂ ’ਚ ਹੋਰ ਜਿਣਸ ਦੀਆਂ ਟਰਾਲੀਆਂ ਲਾਹੁਣ ਅਤੇ ਜਿਣਸ ਦੀਆਂ ਬੋਰੀਆਂ ਭਰਨ ਲਈ ਥਾਂ ਦੀ ਵੀ ਸਮੱਸਿਆ ਆਉਂਦੀ ਹੈ। ਮਜ਼ਦੂਰਾਂ ਨੇ ਦੱਸਿਆ ਕਿ ਜਿਣਸ ਬੋਰੀਆਂ ’ਚ ਭਰਨ ਦੇ ਨਿਸ਼ਚਿਤ ਸਮੇਂ ਅੰਦਰ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ’ਚ ਪਾਏ ਮਾਲ ਦਾ ਭਾਰ ਧੁੱਪ ਨਾਲ ਅਸਲ ਤੋਲ ਨਾਲੋਂ ਘੱਟ ਜਾਂਦਾ ਹੈ ਜਿਸ ਦੀ ਕਟੌਤੀ ਵੀ ਮਜ਼ਦੂਰਾਂ ਤੋਂ ਪੂਰੀ ਕੀਤੀ ਜਾਂਦੀ ਹੈ। ਇਨ੍ਹਾਂ ਮਜ਼ਦੂਰਾਂ ਨੇ ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਰਾਹਤ ਨਾ ਦਿੱਤੇ ਜਾਣ ’ਤੇ ਉਹ ਵੀ ਸੰਘਰਸ਼ ਲਈ ਮਜਬੂਰ ਹੋਣਗੇ।