ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਅਕਤੂਬਰ
ਇੱਥੋਂ ਦੀ ਪੁਲੀਸ ਵੱਲੋਂ ਨਸ਼ਾ ਤਸਕਰੀ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸੀਆਈਏ-1 ਅੰਬਾਲਾ ਦੀ ਟੀਮ ਨੇ ਅੰਬਾਲਾ-ਜਗਾਧਰੀ ਰੋਡ ’ਤੇ ਸਥਿਤ ਮਿੱਠਾਪੁਰ ਪਿੰਡ ਵਿਚੋਂ ਅਰਜੁਨ, ਰਾਜੇਸ਼ ਕੁਮਾਰ ਵਾਸੀ ਪਿੰਡ ਢੀਡਾਰ ਜ਼ਿਲ੍ਹਾ ਪਾਣੀਪਤ ਅਤੇ ਸੋਨੂੰ ਵਾਸੀ ਪਿੰਡ ਇਸਰਾਣਾ ਜ਼ਿਲ੍ਹਾ ਪਾਣੀਪਤ ਨੂੰ 175 ਕਿੱਲੋ ਨਸ਼ੀਲੇ ਪਦਾਰਥ ਗਾਂਜਾ ਸਣੇ ਗ੍ਰਿਫ਼ਤਾਰ ਕਰਕੇ ਥਾਣਾ ਸਾਹਾ ਵਿਚ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 10 ਦਿਨਾ ਦਾ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛ-ਗਿੱਛ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਐਸਪੀ ਭੋਰੀਆ ਨੇ ਦੱਸਿਆ ਕਿ ਸੀਆਈਏ-1 ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮਿੱਠਾਪੁਰ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਟੀਮ ਨੇ ਛਾਪਾ ਮਾਰਿਆ ਅਤੇ ਸ਼ੱਕੀਆਂ ਦੀ ਤਲਾਸ਼ੀ ਲਈ ਤੇ 175 ਕਿੱਲੋ ਗਾਂਜਾ ਬਰਾਮਦ ਹੋਇਆ।