ਯੇਰੂਸ਼ਲਮ:ਸੋਸ਼ਲ ਮੀਡੀਆ ਮੰਚ ‘ਐਕਸ’ ਨੇ ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਵੱਲੋਂ ਹਿਬਰੂ ’ਚ ਸੁਨੇਹਾ ਪੋਸਟ ਕਰਨ ਵਾਲੇ ਨਵੇਂ ਖਾਤੇ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਖਾਤਾ ਅੱਜ ਤੜਕੇ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇੱਕ ਸੰਖੇਪ ਨੋਟ ਵੀ ਸਾਂਝਾ ਕੀਤਾ ਗਿਆ ਸੀ, ‘ਐਕਸ ਉਹ ਖਾਤੇ ਮੁਅੱਤਲ ਕਰਦਾ ਹੈ ਜੋ ਐਕਸ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ।’ ਫਿਲਹਾਲ ਇਹ ਪਤਾ ਨਹੀਂ ਲੱਗਿਆ ਕਿ ਕਿਸ ਤਰ੍ਹਾਂ ਦੀ ਉਲੰਘਣਾ ਕੀਤੀ ਗਈ ਸੀ। ਐਲਨ ਮਸਕ ਦੀ ਮਾਲਕੀ ਵਾਲੀ ਕੰਪਨੀ ਨੇ ਇਸ ਸਬੰਧੀ ਸਵਾਲ ਦਾ ਜਵਾਬ ਨਹੀਂ ਦਿੱਤਾ। ਲੰਘੇ ਹਫ਼ਤੇ ਦੇ ਅਖੀਰ ਵਿੱਚ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। -ਏਪੀ