ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਅਕਤੂਬਰ
ਇਥੇ ਕੈਬਨਿਟ ਮੰਤਰੀ ਗੋਇਲ ਦੇ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਪੱਕਾ ਮੋਰਚਾ ਅੱਜ ਲਗਾਤਾਰ 11ਵੇਂ ਦਿਨ ਬਲਾਕ ਦੇ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ ਭੁਟਾਲ ਖੁਰਦ ਦੀ ਅਗਵਾਈ ਵਿੱਚ ਜਾਰੀ ਰਿਹਾ। ਉਧਰ, ਚੌਟੀਆਂ ਟੌਲ ਪਲਾਜ਼ਾ ’ਤੇ ਵੀ ਧਰਨਾ 12ਵੇਂ ਦਿਨ ਜਾਰੀ ਰਿਹਾ। ਜਥੇਬੰਦੀ ਦੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰ ਰਹੀ ਹੈ ਪੂਰੇ ਪੰਜਾਬ ਵਿੱਚ ਝੋਨੇ ਦੀ ਬੇਕਦਰੀ ਹੋ ਰਹੀ ਹੈ। ਕਿਸਾਨ ਮਜ਼ਦੂਰਾਂ ਨੇ ਮੰਗ ਕੀਤੀ ਕਿ ਝੋਨੇ ਦੀ ਫਸਲ ਨੂੰ ਐੱਮਐੱਸਪੀ ’ਤੇ ਖਰੀਦ ਕੀਤਾ ਜਾਵੇ। ਇਸ ਮੌਕੇ ਬਹਾਦਰ ਸਿੰਘ ਕਰਨੈਲ ਗਨੌਟਾ, ਪਰਮਜੀਤ ਕੌਰ ਸੰਗਤੀਵਾਲਾ ,ਹਰਜਿੰਦਰ ਸਿੰਘ ਨੰਗਲਾ, ਸਰਬਜੀਤ ਸ਼ਰਮਾ ਲਹਿਰਾ ਬਿੰਦਰ ਸਿੰਘ ਖੋਖਰ ਨੇ ਸਬੋਧਨ ਕੀਤਾ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ 12ਵੇਂ ਦਿਨ ਵੀ ਟੌਲ ਪਲਾਜ਼ਾ ਕਾਲਾਝਾੜ ਵਿਖੇ ਪੱਕਾ ਧਰਨਾ ਜਾਰੀ ਰੱਖਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ, ਕਸ਼ਮੀਰ ਸਿੰਘ ਆਲੋਅਰਖ ਨੇ ਕਿਹਾ ਕਿ ਝੋਨੇ ਦੇ ਖਰੀਦ ਪ੍ਰਬੰਧ ਅਤੇ ਡੀਏਪੀ ਖਾਦ ਦੀ ਸਪਲਾਈ ਕਰਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਘਟੀਆ ਰਾਜਨੀਤੀ ਕਰ ਰਹੀਆਂ ਹਨ। ਮਸਲੇ ਦਾ ਹੱਲ ਤੱਕ ਮੋਰਚਾ ਜਾਰੀ ਰੱਖਿਆ ਜਾਵੇਗਾ।
ਕੇਂਦਰ ਤੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਅੱਜ
ਧੂਰੀ (ਬੀਰਬਲ ਰਿਸ਼ੀ): ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਅੱਗੇ ਪੱਕੇ ਧਰਨੇ ’ਤੇ ਬੈਠੇ ਬੀਕੇਯੂ ਏਕਤਾ ਉਗਰਾਹਾਂ ਦੇ ਕਾਰਕੁਨ ਅੱਜ ਚੌਥੇ ਦਿਨ ਵੀ ਜ਼ੋਸ਼ੋ ਖਰੋਸ਼ ਨਾਲ ਨਾਅਰੇਬਾਜ਼ੀ ਕਰਦੇ ਰਹੇ। ਇਸ ਮੌਕੇ ਬਲਾਕ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ, ਕਰਮਜੀਤ ਸਿੰਘ ਬੇਨੜਾ ਅਤੇ ਬਾਬੂ ਸਿੰਘ ਮੂਲੋਵਾਲ ਨੇ ਦੱਸਿਆ ਕਿ 29 ਅਕਤੂਬਰ ਨੂੰ ਸੰਗਰੂਰ ਵਿਖੇ ਭਾਜਪਾ ਨੇਤਾ ਅਰਵਿੰਦ ਖੰਨਾ ਦੇ ਵਿਰੋਧ ‘ਚ ਚੱਲ ਰਹੇ ਧਰਨੇ ਵਿੱਚ ਧੂਰੀ ਬਲਾਕ ਦੇ ਬਹੁਗਿਣਤੀ ਕਿਸਾਨ ਪੁੱਜਣਗੇ ਜਿੱਥੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇ। ਆਗੂਆਂ ਨੇ ਸਪਸੱਟ ਕੀਤਾ ਕਿ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਤੱਕ ਦਾ ਲਗਾਇਆ ਧਰਨਾ ਜਾਰੀ ਰਹੇਗਾ।