ਸਮਾਣਾ (ਸੁਭਾਸ਼ ਚੰਦਰ):
ਰੋਜ਼ੀ-ਰੋਟੀ ਲਈ ਕਰੀਬ ਡੇਢ ਸਾਲ ਪਹਿਲਾਂ ਅਮਰੀਕਾ ਗਏ ਸਮਾਣਾ ਹਲਕੇ ਦੇ ਪਿੰਡ ਕੁਤਬਨਪੁਰ ਦੇ ਨੌਜਵਾਨ ਅਰਮਾਨ ਵੜੈਚ (20) ਦੀ ਅਣਪਛਾਤੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਅਰਮਾਨ ਦੇ ਪਿਤਾ ਪਲਵਿੰਦਰ ਸਿੰਘ ਅਨੁਸਾਰ ਉਨ੍ਹਾਂ ਕਰੀਬ ਡੇਢ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਆਪਣੇ ਇਕਲੌਤੇ ਪੁੱਤ ਨੂੰ ਅਮਰੀਕਾ ਭੇਜਿਆ ਸੀ। ਉਹ ਉਥੇ ਕੈਲੀਫੋਰਨੀਆ ਸੂਬੇ ਦੇ ਮਾਂਟੇਕਾ ਸ਼ਹਿਰ ’ਚ ਰਹਿ ਰਿਹਾ ਸੀ ਅਤੇ ਕਿਸੇ ਸਟੋਰ ’ਤੇ ਵਰਕ ਪਰਮਿਟ ’ਤੇ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਉਹ ਰੈਸਤਰਾਂ ’ਤੇ ਖਾਣਾ ਖਾ ਰਿਹਾ ਸੀ ਤਾਂ ਅਣਪਛਾਤੇ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਮਰੀਕਾ ਰਹਿੰਦੇ ਰਿਸ਼ਤੇਦਾਰ ਨੇ ਅੱਜ ਸਵੇਰੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੀੜਤ ਪਰਿਵਾਰ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਅਰਮਾਨ ਦੀ ਲਾਸ਼ ਭਾਰਤ ਲਿਆਉਣ ਵਿੱਚ ਮਦਦ ਕਰਨ ਦੀ ਮੰਗ ਕੀਤੀ ਹੈ। ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਹੋਰਨਾਂ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।