ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਅਕਤੂਬਰ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਸਿੱਖ ਕੌਮ ਨੂੰ ਆਦੇਸ਼ ਦਿੱਤਾ ਕਿ ਪਹਿਲੀ ਨਵੰਬਰ ਨੂੰ ਬੰਦੀਛੋੜ ਦਿਵਸ ਮੌਕੇ ਗੁਰੂਧਾਮਾਂ ਅਤੇ ਆਪਣੇ ਘਰਾਂ ਵਿਚ ਸਿਰਫ਼ ਘਿਓ ਦੇ ਦੀਵਿਆਂ ਦੀ ਹੀ ਦੀਪਮਾਲਾ ਕੀਤੀ ਜਾਵੇ ਅਤੇ ਬਿਜਲਈ ਸਜਾਵਟਾਂ ਨਾ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ 40 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਇਸ ਵਾਰ ਗੁਰੂਧਾਮਾਂ ਵਿਚ ਬਿਜਲਈ ਦੀਪਮਾਲਾ ਨਹੀਂ ਹੋਵੇਗੀ।
ਜਥੇਦਾਰ ਨੇ ਕਿਹਾ ਕਿ ਪਹਿਲੀ ਨਵੰਬਰ 1984 ਨੂੰ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਦੇ 110 ਸ਼ਹਿਰਾਂ ਵਿੱਚ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕਾਂਗਰਸ ਹਕੂਮਤ ਦੀ ਸਰਪ੍ਰਸਤੀ ਹੇਠ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ ਸੀ, ਜੋ ਸਿੱਖ ਨਸਲਕੁਸ਼ੀ ਸੀ। ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ ਨੂੰ ਸਿੱਖ ਨਸਲਕੁਸ਼ੀ ਦੇ 40 ਵਰ੍ਹੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਮਦ ਦੀ ਯਾਦ ਵਿਚ ਬੰਦੀਛੋੜ ਦਿਵਸ ਵੀ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਬੰਦੀਛੋੜ ਦਿਵਸ ਮੌਕੇ ਸਿਰਫ਼ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਹੀ ਬਿਜਲਈ ਸਜਾਵਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਸ਼ਵ ਭਰ ਵਿਚ ਵੱਸਦੀਆਂ ਸਿੱਖ ਸੰਗਤਾਂ ਵਲੋਂ ਪਹਿਲੀ ਨਵੰਬਰ ਨੂੰ ਬੰਦੀਛੋੜ ਦਿਵਸ ਮਨਾਉਂਦਿਆਂ ਗੁਰਦੁਆਰਿਆਂ ਅਤੇ ਘਰਾਂ ਵਿਚ ਬਿਜਲਈ ਸਜਾਵਟ ਦੀ ਥਾਂ ਸਿਰਫ਼ ਘਿਓ ਦੇ ਦੀਵਿਆਂ ਦੀ ਹੀ ਦੀਪਮਾਲਾ ਕੀਤੀ ਜਾਵੇ।