ਪੇਈਚਿੰਗ, 29 ਅਕਤੂਬਰ
ਚੀਨ ਦੀ ਪੱਟੀ ਅਤੇ ਸੜਕ ਪਹਿਲਕਦਮੀ (ਬੀਆਰਆਈ) ਯੋਜਨਾ ਨੂੰ ਝਟਕਾ ਦਿੰਦਿਆਂ ਬ੍ਰਾਜ਼ੀਲ ਨੇ ਪੇਈਚਿੰਗ ਦੀ ਅਰਬਾਂ ਡਾਲਰ ਦੀ ਇਸ ਮੁਹਿੰਮ ’ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਲਿਆ ਹੈ। ਇਸ ਤਰ੍ਹਾਂ ਬ੍ਰਾਜ਼ੀਲ ਬਰਿਕਸ ਗਰੁੱਪ ’ਚ ਭਾਰਤ ਮਗਰੋਂ ਦੂਜਾ ਮੁਲਕ ਬਣ ਗਿਆ ਹੈ, ਜਿਸ ਨੇ ਇਸ ਵੱਡੇ ਪ੍ਰਾਜੈਕਟ ਦੀ ਹਮਾਇਤ ਨਹੀਂ ਕੀਤੀ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਦੇ ਵਿਸ਼ੇਸ਼ ਸਲਾਹਕਾਰ ਸੇਲਸੋ ਅਮੋਰਿਮ ਨੇ ਕਿਹਾ ਕਿ ਬ੍ਰਾਜ਼ੀਲ ਬੀਆਰਆਈ ’ਚ ਸ਼ਾਮਲ ਨਹੀਂ ਹੋਵੇਗਾ, ਸਗੋਂ ਚੀਨੀ ਨਿਵੇਸ਼ਕਾਂ ਨਾਲ ਭਾਈਵਾਲੀ ਦੇ ਬਦਲਵੇਂ ਢੰਗ-ਤਰੀਕੇ ਲੱਭੇਗਾ। ਉਨ੍ਹਾਂ ਬ੍ਰਾਜ਼ੀਲ ਦੇ ਅਖ਼ਬਾਰ ਓ ਗਲੋਬੋ ਨੂੰ ਕਿਹਾ ਕਿ ਬ੍ਰਾਜ਼ੀਲ ਸਮਝੌਤੇ ’ਤੇ ਕੋਈ ਦਸਤਖ਼ਤ ਕੀਤੇ ਬਿਨਾਂ ਚੀਨ ਨਾਲ ਸਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਲਿਜਾਣਾ ਚਾਹੁੰਦਾ ਹੈ। ਅਮੋਰਿਮ ਨੇ ਕਿਹਾ ਕਿ ਉਹ ਕੋਈ ਸੰਧੀ ਨਹੀਂ ਕਰ ਰਹੇ ਹਨ ਅਤੇ ਬ੍ਰਾਜ਼ੀਲ, ਚੀਨੀ ਬੁਨਿਆਦੀ ਢਾਂਚੇ ਤੇ ਵਪਾਰ ਪ੍ਰਾਜੈਕਟਾਂ ਨੂੰ ਬੀਮਾ ਨੀਤੀ ਵਜੋਂ ਨਹੀਂ ਲੈਣਾ ਚਾਹੁੰਦਾ ਹੈ। ਹਾਂਗਕਾਂਗ ਆਧਾਰਿਤ ਅਖ਼ਬਾਰ ਸਾਊਥ ਚਾਈਨਾ ਮੌਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਬ੍ਰਾਜ਼ੀਲ ਦਾ ਇਹ ਫ਼ੈਸਲਾ ਚੀਨ ਦੀ ਇਸ ਯੋਜਨਾ ਦੇ ਉਲਟ ਹੈ ਕਿ 20 ਨਵੰਬਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬ੍ਰਾਜ਼ੀਲ ਦੌਰੇ ਦੌਰਾਨ ਇਸ ’ਤੇ ਸਮਝੌਤਾ ਹੋ ਸਕਦਾ ਹੈ। ਬ੍ਰਾਜ਼ੀਲ ’ਚ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਚੀਨੀ ਪ੍ਰਾਜੈਕਟ ਨਾਲ ਜੁੜਨ ਮਗਰੋਂ ਮੁਲਕ ਨੂੰ ਕੋਈ ਵੱਡੇ ਲਾਭ ਨਹੀਂ ਹੋਣਗੇ। -ਪੀਟੀਆਈ