ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਹਵਾ ਦੀ ਗੁਣਵੱਤਾ ਖਰਾਬ ਸ਼੍ਰੇਣੀ (272) ਵਿੱਚ ਦਰਜ ਕੀਤੀ ਗਈ। ਹਾਲਾਂਕਿ ਸੋਮਵਾਰ ਦੇ ਮੁਕਾਬਲੇ ਏਕਿਊਆਈ ਵਿੱਚ ਕੁਝ ਸੁਧਾਰ ਹੋਇਆ ਹੈ। ਕੱਲ੍ਹ ਏਕਿਊਆਈ ਇਹ 304 ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ 10 ਸਟੇਸ਼ਨਾਂ ਆਨੰਦ ਵਿਹਾਰ, ਅਲੀਪੁਰ, ਆਯਾ ਨਗਰ, ਬਵਾਨਾ, ਜਹਾਂਗੀਰਪੁਰੀ, ਮੁੰਡਕਾ, ਨਰੇਲਾ, ਵਜ਼ੀਰਪੁਰ, ਵਿਵੇਕ ਵਿਹਾਰ ਅਤੇ ਸੋਨੀਆ ਵਿਹਾਰ ’ਤੇ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ ਅਤੇ ਬਾਕੀ ਥਾਵਾਂ ’ਤੇ ਇਹ ‘ਖਰਾਬ’ ਸ਼੍ਰੇਣੀ ਵਿੱਚ ਰਹੀ। ਵਿਭਾਗ ਅਨੁਸਾਰ ਅੱਜ ਸਾਰਾ ਦਿਨ ਸ਼ਹਿਰ ਧੁਆਂਖੀ ਧੁੰਦ ਵਿੱਚ ਘਿਰਿਆ ਰਿਹਾ। ਵਿਭਾਗ ਅਨੁਸਾਰ ਏਕਿਊਆਈ ਆਨੰਦ ਵਿਹਾਰ ਵਿੱਚ 317 ਤੱਕ ਪਹੁੰਚ ਗਿਆ, ਜਦੋਂ ਕਿ ਆਯਾ ਨਗਰ ਵਿੱਚ 312 ਦਰਜ ਕੀਤਾ ਗਿਆ। ਜਹਾਂਗੀਰਪੁਰੀ ਵਿੱਚ ਵੀ 308 ਦੇਖਿਆ ਗਿਆ। ਇਸੇ ਤਰ੍ਹਾਂ ਆਈਜੀਆਈ-247, ਆਈਟੀਓ- 259, ਜਹਾਂਗੀਰਪੁਰੀ- 308, ਮੁੰਡਕਾ 327, ਓਖਲਾ ਫੇਜ਼ 2- 265, ਪੜਪੜਗੰਜ- 296, ਰੋਹਿਣੀ-287 ਅਤੇ ਵਜ਼ੀਰਪੁਰ-307 ਸੀ। ਭਾਰਤੀ ਮੌਸਮ ਵਿਭਾਗ ਅਨੁਸਾਰ ਸਾਰਾ ਦਿਨ ਧੁਆਂਖੀ ਧੁੰਦ ਦੀ ਪਰਤ ਛਾਈ ਰਹੀ। ਹਾਲਾਂਕਿ ਦਿਨ ਵੇਲੇ ਆਸਮਾਨ ਸਾਫ ਰਿਹਾ ਅਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਿਹਾ। ਹਵਾ ਵਿੱਚ ਨਮੀ ਦੀ ਮਾਤਰਾ 60 ਫ਼ੀਸਦ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਹਵਾ ‘ਬਹੁਤ ਖਰਾਬ’ ਤੋਂ ‘ਗੰਭੀਰ’ ਸ਼੍ਰੇਣੀ ਵਿੱਚ ਪੁੱਜ ਸਕਦੀ ਹੈ। ਦੂਜੇ ਪਾਸੇ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਲੋਕਾਂ ਤੋਂ ਪ੍ਰਦੂਸ਼ਣ ਘਟਾਉਣ ਲਈ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਬਿਨਾਂ ਪ੍ਰਦੂਸ਼ਣ ਨਹੀਂ ਘਟਾਇਆ ਜਾ ਸਕਦਾ।