ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 29 ਅਕਤੂਬਰ:
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ’ਚ ਸਰਹਿੰਦ-ਚੁੰਨੀ ਸੜਕ ਤੇ ਸਰਹਿੰਦ-ਪਟਿਆਲਾ ਮਾਰਗ ’ਤੇ ਦੋ ਸੜਕ ਹਾਦਸਿਆਂ ’ਚ ਇੱਕ ਔਰਤ ਤੇ ਦੋ ਨੌਜਵਾਨ ਹਲਾਕ ਹੋ ਗਏ। ਪਹਿਲੀ ਘਟਨਾ ’ਚ ਅੱਜ ਸਵੇਰੇ ਸਰਹਿੰਦ-ਪਟਿਆਲਾ ਮਾਰਗ ’ਤੇ ਪਿੰਡ ਜਖਵਾਲੀ ਨੇੜੇ ਇੱਕ ਸੜਕ ਹਾਦਸੇ ਵਿੱਚ ਸਮਾਣਾ ਇਲਾਕੇ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਸਰੀਏ ਦਾ ਜਾਲ ਬੰਨ੍ਹਣ ਦਾ ਕੰਮ ਕਰਦੇ ਜਸ਼ਨਪ੍ਰੀਤ ਸਿੰਘ (23) ਵਾਸੀ ਪਿੰਡ ਢੈਂਠਲ (ਪਟਿਆਲਾ) ਤੇ ਹਰਪ੍ਰੀਤ ਸਿੰਘ (22) ਵਾਸੀ ਪਿੰਡ ਸਾਨੀਪੁਰ (ਪਟਿਆਲਾ) ਅੱਜ ਕਾਰ ’ਤੇ ਪਟਿਆਲਾ ਤੋਂ ਸਰਹਿੰਦ ਜਾ ਰਹੇ ਸਨ। ਸਵੇਰੇ 7 ਵਜੇ ਪਿੰਡ ਜਖਵਾਲੀ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਰੁੱਖ ’ਚ ਵੱਜ ਗਈ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਥਾਣਾ ਮੂਲੇਪੁਰ ਦੀ ਪੁਲੀਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ| ਇੱਕ ਹੋਰ ਘਟਨਾ ’ਚ ਗੁਰਚਰਨ ਸਿੰਘ(69) ਵਾਸੀ ਪਿੰਡ ਅਮਰਾਲਾ ਆਪਣੀ ਪਤਨੀ ਬਲਵੀਰ ਕੌਰ (69) ਤੇ ਸਾਲੇਹਾਰ ਮਨਜੀਤ ਕੌਰ ਨਾਲ ਕਾਰ ’ਤੇ ਖਰੜ ਤੋਂ ਸਰਹਿੰਦ ਵੱਲ ਆ ਰਿਹਾ ਸੀ, ਜਿਸ ਦੌਰਾਨ ਪਿੰਡ ਮੁਕਾਰੋਪੁਰ ਨੇੜੇ ਸਰਹਿੰਦ ਵੱਲੋਂ ਆ ਰਹੇ ਚਾਲਕ ਵੱਲੋਂ ਟਰੈਕਟਰ-ਟਰਾਲੀ ਅਚਾਨਕ ਪਿੰਡ ਈਸਰਹੇਲ ਵੱਲ ਮੋੜਨ ਕਾਰਨ ਉਨ੍ਹਾਂ ਦੀ ਕਾਰਟਰੈਕਟਰ-ਟਰਾਲੀ ਨਾਲ ਟਕਰਾ ਗਈ। ਹਾਦਸੇ ’ਚ ਜ਼ਖਮੀ ਹੋਏ ਗੁਰਚਰਨ ਸਿੰਘ ਤੇ ਬਲਵੀਰ ਕੌਰ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਬਲਵੀਰ ਕੌਰ ਦੀ ਮੌਤ ਹੋ ਗਈ। ਮਨਜੀਤ ਕੌਰ ਸਰਹਿੰਦ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਹੈ| ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਨੇ ਇਸ ਸਬੰਧੀ ਟਰੈਕਟਰ ਟਰਾਲੀ ਦੇ ਅਣਪਛਾਤੇ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ|