ਹਰਦਮ ਮਾਨ
ਸਰੀ:
ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਵੱਲੋਂ ਸਰੀ ਦੇ ਬੈੱਲ ਪ੍ਰਫਾਰਮਿੰਗ ਆਰਟਸ ਸੈਂਟਰ ਵਿਖੇ ਆਪਣਾ ਦੂਜਾ ਵਰਲਡ ਫੋਕ ਫੈਸਟੀਵਲ ਕਰਵਾਇਆ ਗਿਆ। ਇਸ ਵਿੱਚ ਪੰਜਾਬ ਦੇ ਖੇਤਰੀ ਲੋਕ ਨਾਚ ਭੰਗੜਾ, ਗਿੱਧਾ, ਲੁੱਡੀ, ਸੰਮੀ, ਮਲਵਈ ਗਿੱਧਾ ਅਤੇ ਝੂਮਰ ਤੋਂ ਇਲਾਵਾ ਲੋਕ ਸਾਜ਼ਾਂ ਅਤੇ ਲੋਕ ਗੀਤਾਂ ਦੇ ਮੁਕਾਬਲੇ ਕਰਵਾਏ ਗਏ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਟੋਰਾਂਟੋ, ਐਡਮਿੰਟਨ, ਕੈਲਗਿਰੀ, ਵਿਨੀਪੈੱਗ ਅਤੇ ਸਰੀ ਤੋਂ ਇਲਾਵਾ ਯੂਕੇ, ਹਾਂਗਕਾਂਗ, ਨਿਊਜ਼ੀਲੈਂਡ ਅਤੇ ਯੂਐੱਸਏ ਤੋਂ ਲਗਭਗ 60 ਦੇ ਕਰੀਬ ਟੀਮਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਅਤੇ ਲਗਭਗ 800 ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ।
ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਸਰੀ ਦੀ ਮੇਅਰ ਬਰੈਂਡਾ ਲਾਕ ਦੀ ਸ਼ਮੂਲੀਅਤ ਨਾਲ ਹੋਈ। ਬਰੈਂਡਾ ਲਾਕ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਨਾਲ ਜਿੱਥੇ ਵੱਖ-ਵੱਖ ਕੌਮਾਂ ਵਿੱਚ ਭਾਈਚਾਰਕ ਸਾਂਝ ਵਧਦੀ ਹੈ, ਉੱਥੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਮੂਲ ਸੱਭਿਆਚਾਰ ਵੱਲ ਮੋੜਨ ਦਾ ਇਹ ਬਹੁਤ ਵਧੀਆ ਯਤਨ ਹੈ। ਸੁਸਾਇਟੀ ਦੇ ਚੇਅਰਮੈਨ ਪਰਮਜੀਤ ਸਿੰਘ ਜਵੰਦਾ ਨੇ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਵਿਦੇਸ਼ ਰਹਿੰਦੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਨਾ ਸਿਰਫ਼ ਜਾਗਰੂਕ ਕਰਨਾ ਹੈ, ਸਗੋਂ ਪੰਜਾਬ ਦੇ ਖੇਤਰੀ ਲੋਕ-ਨਾਚਾਂ, ਲੋਕ-ਸਾਜ਼ਾਂ ਅਤੇ ਲੋਕ-ਗੀਤਾਂ ਨੂੰ ਉਨ੍ਹਾਂ ਦੇ ਪ੍ਰਮਾਣਿਕ ਰੂਪਾਂ ਵਿੱਚ ਸੁਰੱਖਿਅਤ ਅਗਲੀ ਪੀੜ੍ਹੀ ਦੇ ਹੱਥੀਂ ਸੌਂਪਣਾ ਵੀ ਹੈ।
ਮੇਲੇ ਦੇ ਦੂਜੇ ਦਿਨ ਲਹਿੰਦੇ ਪੰਜਾਬ ਨਾਲ ਸਬੰਧਿਤ ਯੂਕੇ ਦੇ ਸਿਟੀਜ਼ਨ ਵਾਤਾਵਰਨ ਇੰਜਨੀਅਰ ਡਾ. ਚੀਮਾ ਨੇ ਬਤੌਰ ਮੁੱਖ ਮਹਿਮਾਨ ਮੇਲੇ ਵਿੱਚ ਹਾਜ਼ਰੀ ਲਵਾਈ। ਡਾਕਟਰ ਚੀਮਾ ਨੇ ਕਿਹਾ ਕਿ ਭਾਰੀ ਮਾਨਸਿਕ ਤਣਾਅ ਅਧੀਨ ਕੰਮ ਕਰਦੀ ਨੌਜਵਾਨ ਪੀੜ੍ਹੀ ਦੀ ਮਾਨਸਿਕ ਸਿਹਤ ਨੂੰ ਸਵੱਸਥ ਰੱਖਣ ਲਈ ਅਜਿਹੇ ਸੱਭਿਆਚਾਰਕ ਮੇਲਿਆਂ ਦੀ ਬਹੁਤ ਮਹੱਤਤਾ ਹੈ। ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਗੁਰਬਚਨ ਸਿੰਘ ਖੁੱਡੇਵਾਲਾ ਨੇ ਦਰਸ਼ਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੁਸਾਇਟੀ ਅਜਿਹੇ ਮੇਲੇ ਨਿਰੰਤਰ ਜਾਰੀ ਰੱਖੇਗੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਦੇ ਮੂਲ ਨਾਲ ਜੋੜਿਆ ਜਾ ਸਕੇ। ਮੇਲੇ ਦੇ ਤੀਜੇ ਦਿਨ ਕੌਂਸਲਰ ਮਾਈਕ ਬੌਸ ਅਤੇ ਕੌਂਸਲਰ ਲਿੰਡਾ ਐਨੀਸ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਲਵਾਈ। ਸੁਸਾਇਟੀ ਦੇ ਉਪ ਪ੍ਰਧਾਨ ਅਤੇ ਉਪ ਚੇਅਰਮੈਨ ਭੁਪਿੰਦਰ ਸਿੰਘ ਮਾਂਗਟ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ।
ਮੇਲੇ ਵਿੱਚ ਤਿੰਨ ਦਿਨ ਚੱਲੇ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਭੰਗੜਾ ਮਿਊਜ਼ਿਕ ਸੁਪਰ ਜੂਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਆਪਣਾ ਭੰਗੜਾ ਕਰਿਊ (ਸਿਆਟਲ ਵਾਸ਼ਿੰਗਟਨ), ਦੂਜਾ ਸਥਾਨ ਕੋਹਿਨੂਰ ਦੀਆਂ ਨੰਨ੍ਹੀਆਂ ਛਾਵਾਂ ਸਰੀ ਅਤੇ ਤੀਜਾ ਸਥਾਨ ਨਖਰਾ ਕੁਈਨਜ਼ ਨੇ ਪ੍ਰਾਪਤ ਕੀਤਾ। ਲੋਕ-ਗੀਤ ਲਾਈਵ ਜੂਨੀਅਰ: ਪਹਿਲਾ ਸਥਾਨ ਕਰਨ ਸ਼ਰਮਾ (ਸਤਨਾਮ ਅਕੈਡਮੀ ਸਰੀ), ਦੂਜਾ ਸਥਾਨ ਮੰਨਤ ਬੀਰ ਚਾਹਲ (ਵਿਨੀਪੈੱਗ), ਤੀਜਾ ਸਥਾਨ ਅਗਮਵੀਰ ਚਾਹਲ (ਵਿਨੀਪੈੱਗ) ਨੇ ਪ੍ਰਾਪਤ ਕੀਤਾ। ਲੋਕ-ਗੀਤ ਲਾਈਵ ਸੀਨੀਅਰ: ਪਹਿਲਾ ਸਥਾਨ ਦਰਸ਼ਨਦੀਪ ਸਿੰਘ (7 ਸਟਾਰ ਫੋਕ ਆਰਟਸ ਅਤੇ ਇੰਟਰਟੇਨਮੈਂਟ), ਦੂਜਾ ਸਥਾਨ ਸਰਗੀ (ਬਰੰਟਫੋਰਡ ਓਂਟਾਰੀਓ) ਅਤੇ ਤੀਜਾ ਸਥਾਨ ਸਿਮਰਨਜੀਤ ਕੌਰ (ਸਤਨਾਮ ਮਿਊਜ਼ਿਕ ਅਕੈਡਮੀ ਸਰੀ) ਨੇ ਪ੍ਰਾਪਤ ਕੀਤਾ।
ਭੰਗੜਾ ਮਿਊਜ਼ਿਕ ਜੂਨੀਅਰ ਵਿੱਚ ਪਹਿਲਾ ਸਥਾਨ ਕੋਹਿਨੂਰ ਵਿਹੜੇ ਦੀਆਂ ਰੌਣਕਾਂ, ਸਰੀ, ਦੂਜਾ ਸਥਾਨ ਕੋਹਿਨੂਰ ਦੀ ਤ੍ਰਿੰਜਣ, ਸਰੀ ਅਤੇ ਤੀਜਾ ਸਥਾਨ ਦਸਮੇਸ਼ ਸਕੂਲ ਵਿਨੀਪੈੱਗ ਨੇ ਪ੍ਰਾਪਤ ਕੀਤਾ। ਗਿੱਧਾ ਮਿਊਜ਼ਿਕ ਜੂਨੀਅਰ ਵਿੱਚ ਪਹਿਲਾ ਸਥਾਨ-ਏਬੀਸੀ ਅੜਬ ਮੁਟਿਆਰਾਂ ਸਿਆਟਲ, ਵਾਸ਼ਿੰਗਟਨ, ਦੂਜਾ ਸਥਾਨ ਰੌਣਕਾਂ, ਵਿਰਾਸਤੀ ਛਣਕਾਰ ਅਕੈਡਮੀ ਕੈਲਗਰੀ, ਤੀਜਾ ਸਥਾਨ ਪੰਜਾਬੀ ਹੈਰੀਟੇਜ ਅਤੇ ਫੋਕ, ਐਡਮਿੰਟਨ ਨੇ ਪ੍ਰਾਪਤ ਕੀਤਾ। ਝੂਮਰ ਲਾਈਵ ਜੂਨੀਅਰ ਵਿੱਚ ਪਹਿਲਾ ਸਥਾਨ ਮਾਲਵਾ ਫੋਕ ਆਰਟਸ ਸੈਂਟਰ, ਸਰੀ, ਭੰਗੜਾ ਲਾਈਵ ਸੁਪਰ ਜੂਨੀਅਰ ਵਿੱਚ ਪਹਿਲਾ ਸਥਾਨ ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ, ਦੂਜਾ ਸਥਾਨ ਮਾਲਵਾ ਫੋਕ ਆਰਟ ਸੈਂਟਰ, ਸਰੀ ਅਤੇ ਤੀਜਾ ਸਥਾਨ ਕੋਹਿਨੂਰ ਲਿਟਲ ਸਟਾਰ ਸਰੀ ਨੇ ਪ੍ਰਾਪਤ ਕੀਤਾ।
ਲੁੱਡੀ ਲਾਈਵ ਜੂਨੀਅਰ ਵਿੱਚ ਪਹਿਲਾ ਸਥਾਨ ਦਸਮੇਸ਼ ਸਕੂਲ ਵਿਨੀਪੈੱਗ, ਦੂਜਾ ਸਥਾਨ ਮਾਲਵਾ ਫੋਕ ਆਰਟ ਸੈਂਟਰ ਸਰੀ, ਫੋਕ ਆਰਕੈਸਟਰਾ ਵਿੱਚ ਪਹਿਲਾ ਸਥਾਨ 7 ਸਟਾਰ ਫੋਕ ਆਰਟਸ ਐਂਡ ਇੰਟਰਟੇਨਮੈਂਟ, ਲੋਕ-ਸਾਜ਼ ਵਿੱਚ ਪਹਿਲਾ ਸਥਾਨ ਬਲਜੀਤ ਸਿੰਘ (ਲੋਕ-ਸਾਜ਼ ਘੜਾ), ਦੂਜਾ ਸਥਾਨ ਇੰਦਰਪ੍ਰੀਤ ਸਿੰਘ (ਲੋਕ-ਸਾਜ਼, ਢੋਲਕੀ) ਅਤੇ ਤੀਜਾ ਸਥਾਨ ਵਰਿੰਦਰ ਸਿੰਘ (ਲੋਕ-ਸਾਜ਼ ਬੁਘਚੂ) ਨੇ ਪ੍ਰਾਪਤ ਕੀਤਾ। ਭੰਗੜਾ ਮਿਊਜ਼ਿਕ ਸੀਨੀਅਰ ਵਿੱਚ ਪਹਿਲਾ ਸਥਾਨ ਵਿਰਾਸਤੀ ਰਾਣੀਆਂ (ਵੈਨਸਿਟੀ ਭੰਗੜਾ ਸਰੀ), ਦੂਜਾ ਸਥਾਨ ਮੜ੍ਹਕ ਪੰਜਾਬ ਦੀ (ਕੈਲਗਿਰੀ) ਅਤੇ ਤੀਜਾ ਸਥਾਨ ਸਾਂਝ (ਗਰਲਜ਼ ਫੋਕ ਭੰਗੜਾ, ਨਿਊਜ਼ੀਲੈਂਡ) ਨੇ ਹਾਸਲ ਕੀਤਾ।
ਗਿੱਧਾ ਮਿਊਜ਼ਿਕ ਸੀਨੀਅਰ ਵਿੱਚ ਪਹਿਲਾ ਸਥਾਨ ਮਜਾਜ਼ਣਾਂ (ਵਿਰਾਸਤੀ ਛਣਕਾਰ ਅਕੈਡਮੀ, ਕੈਲਗਰੀ), ਦੂਜਾ ਸਥਾਨ ਪੰਜਾਬੀ ਫੋਕ ਡਾਂਸ ਅਕੈਡਮੀ, ਐਡਮਿੰਟਨ ਅਤੇ ਤੀਜਾ ਸਥਾਨ ਮੋਰਨੀਆਂ ਵੈਨਸਿਟੀ ਭੰਗੜਾ, ਸਰੀ ਨੇ ਪ੍ਰਾਪਤ ਕੀਤਾ। ਭੰਗੜਾ ਲਾਈਵ (ਜੂਨੀਅਰ) ਵਿੱਚ ਪਹਿਲਾ ਸਥਾਨ ਮਾਲਵਾ ਫੋਕ ਆਰਟ ਸੈਂਟਰ, ਸਰੀ, ਦੂਜਾ ਸਥਾਨ ਰੂਹ ਪੰਜਾਬ ਦੀ ਐਬਟਸਫੋਰਡ ਅਤੇ ਤੀਜਾ ਸਥਾਨ ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ ਨੇ ਪ੍ਰਾਪਤ ਕੀਤਾ। ਲੁੱਡੀ ਲਾਈਵ ਸੀਨੀਅਰ (ਲੜਕੀਆਂ) ਵਿੱਚ ਪਹਿਲਾ ਸਥਾਨ ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ, ਦੂਜਾ ਸਥਾਨ ਧਮਕ ਪੰਜਾਬ ਦੀ ਕੈਲਗਰੀ, ਤੀਜਾ ਸਥਾਨ ਬੈਕ ਟੂ ਦਿ ਰੂਟਸ ਐਲੇ, ਕੈਲੀਫੋਰਨੀਆ ਨੇ ਪ੍ਰਾਪਤ ਕੀਤਾ।
ਲੁੱਡੀ ਲਾਈਵ (ਸੀਨੀਅਰ ਕੋ-ਐਡ) ਵਿੱਚ ਪਹਿਲਾ ਸਥਾਨ ਸਿਫਤ, ਟੋਰਾਂਟੋ, ਦੂਜਾ ਸਥਾਨ ਦਿ ਰੈਟਰੋ ਫੋਕ, ਟੋਰਾਂਟੋ ਨੇ ਪ੍ਰਾਪਤ ਕੀਤਾ। ਭੰਗੜਾ ਲਾਈਵ ਸੀਨੀਅਰ (ਲੜਕੀਆਂ) ਵਿੱਚ ਪਹਿਲਾ ਸਥਾਨ ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ, ਦੂਜਾ ਸਥਾਨ ਸਾਂਝ ਗਰਲਜ਼ ਫੋਕ ਭੰਗੜਾ ਨਿਊਜ਼ੀਲੈਂਡ ਅਤੇ ਤੀਜਾ ਸਥਾਨ ਦੇਸ਼ ਪੰਜਾਬ ਫੋਕ ਆਰਟਸ ਅਕੈਡਮੀ, ਟੋਰਾਂਟੋ ਨੇ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਬੈਸਟ ਡਾਂਸਰ ਰਹੀ ਅਸ਼ਟੀ ਚੌਹਾਨ (ਸਾਂਝ ਗਰਲ ਫੋਕ ਭੰਗੜਾ ਨਿਊਜ਼ੀਲੈਂਡ)। ਗਿੱਧਾ ਲਾਈਵ (ਸੀਨੀਅਰ) ਵਿੱਚ ਪਹਿਲਾ ਸਥਾਨ ਗਿੱਧਾ ਮੇਲਣਾਂ ਦਾ ਸਰੀ, ਦੂਜਾ ਸਥਾਨ ਦਿ ਰੈਟਰੋ ਫੋਕ ਟੋਰਾਂਟੋ, ਤੀਜਾ ਸਥਾਨ ਸ਼ਾਨ ਪੰਜਾਬ ਦੀ ਟੋਰਾਂਟੋ ਨੇ ਪ੍ਰਾਪਤ ਕੀਤਾ ਅਤੇ ਬੈਸਟ ਡਾਂਸਰ ਬਣੀ ਦੁਪਿੰਦਰ ਕੌਰ (ਦਿ ਰੈਟਰੋ ਫੋਕ ਟੋਰਾਂਟੋ)।
ਭੰਗੜਾ ਲਾਈਵ ਸੀਨੀਅਰ (ਲੜਕੇ) ਵਿੱਚ ਪਹਿਲਾ ਸਥਾਨ ਪੰਜਾਬੀ ਹੈਰੀਟੇਜ ਅਤੇ ਫੋਕ ਐਡਮਿੰਟਨ, ਦੂਜਾ ਸਥਾਨ ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿੰਟਨ, ਤੀਜਾ ਸਥਾਨ ਧਮਕ ਪੰਜਾਬ ਦੀ ਕੈਲਗਰੀ ਨੇ ਪ੍ਰਾਪਤ ਕੀਤਾ ਅਤੇ ਬੈਸਟ ਡਾਂਸਰ ਰਹੀ ਯੁਵਰਾਜ ਯੂਵੀ (ਪੰਜਾਬੀ ਹੈਰੀਟੇਜ ਅਤੇ ਫੋਕ)। ਮਲਵਈ ਗਿੱਧੇ ਵਿੱਚ ਪਹਿਲਾ ਸਥਾਨ ਅਸ਼ਕੇ ਫੋਕ ਆਰਟਸ ਅਕੈਡਮੀ, ਟੋਰਾਂਟੋ, ਦੂਜਾ ਸਥਾਨ 7 ਸਟਾਰ ਫੋਕ ਆਰਟਸ ਅਤੇ ਇੰਟਰਟੇਨਮੈਂਟ ਅਤੇ ਬੈਸਟ ਡਾਂਸਰ ਰਹੀ ਜਗੀਰ ਬਰਾੜ (ਅਸ਼ਕੇ ਫੋਕ ਆਰਟਸ ਅਕੈਡਮੀ ਟੋਰਾਂਟੋ)।
ਸੁਸਾਇਟੀ ਦੇ ਮੁੱਖ ਬੁਲਾਰੇ ਡਾ. ਸੁਖਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਗੈਰ ਲਾਭਕਾਰੀ ਸੰਸਥਾ ਹੈ ਜਿਹੜੀ ਕੈਨੇਡਾ ਅਤੇ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਸੱਭਿਆਚਾਰ ਦੇ ਪ੍ਰੇਮੀਆਂ ਦੇ ਸਹਿਯੋਗ ਨਾਲ ਆਪਣੇ ਪ੍ਰਬੰਧ ਚਲਾਉਂਦੀ ਹੈ। ਵਰਲਡ ਫੋਕ ਫੈਸਟੀਵਲ ਸੰਸਾਰ ਭਰ ਵਿੱਚ ਆਪਣੀ ਕਿਸਮ ਦਾ ਪਹਿਲਾ ਵਿਲੱਖਣ ਉਪਰਾਲਾ ਹੈ ਜਿਸ ਵਿੱਚ ਹਿੱਸਾ ਲੈਣ ਲਈ ਲੋਕ ਨਾਚਾਂ ਅਤੇ ਲੋਕ ਗੀਤਾਂ ਦੀਆਂ ਟੀਮਾਂ ਪੱਬਾਂ ਭਾਰ ਹੋਈਆਂ ਰਹਿੰਦੀਆਂ ਹਨ। ਸੰਸਾਰ ਭਰ ਤੋਂ ਪੰਜਾਬੀ ਸੱਭਿਆਚਾਰ ਪ੍ਰੇਮੀਆਂ ਦੇ ਸ਼ੁਭ ਸੁਨੇਹੇ ਅਤੇ ਮੁਕਾਬਲੇ ਵਿੱਚ ਭਾਗ ਲੈਣ ਆਈਆਂ ਟੀਮਾਂ ਦੀ ਗੁਣਾਤਮਕਤਾ ਅਤੇ ਗਿਣਾਤਮਕਤਾ ਇਸ ਮੇਲੇ ਦੀ ਸਾਰਥਿਕਤਾ ਦਾ ਆਪਣੇ ਆਪ ਵਿੱਚ ਪ੍ਰਮਾਣ ਹੈ।
ਅੰਤ ਵਿੱਚ ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਸੈਣੀ ਅਤੇ ਚੇਅਰਮੈਨ ਪਰਮਜੀਤ ਸਿੰਘ ਜਵੰਦਾ ਨੇ ਮੇਲੇ ਦੀ ਕਾਮਯਾਬੀ ਲਈ ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਦੇ ਸਾਰੇ ਅਹੁਦੇਦਾਰਾਂ, ਡਾਇਰੈਕਟਰਾਂ, ਮੈਂਬਰਾਂ, ਬੈਕ ਸਟੇਜ ਕੰਮ ਕਰਨ ਵਾਲੀ ਸਾਰੀ ਟੀਮ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ। ਸਮੁੱਚੇ ਮੇਲੇ ਦਾ ਮੰਚ ਸੰਚਾਲਨ ਡਾ. ਸੁਖਵਿੰਦਰ ਸਿੰਘ ਵਿਰਕ ਨੇ ਬਾਖ਼ੂਬੀ ਨਿਭਾਇਆ ਅਤੇ ਕੁਲਵਿੰਦਰ ਕੌਰ, ਦਿਵਨੂਰ ਬੁੱਟਰ, ਅਮਨ ਗਿੱਲ ਅਤੇ ਮਨਪ੍ਰੀਤ ਨੇ ਸਟੇਜ ’ਤੇ ਉਨ੍ਹਾਂ ਦਾ ਸਹਿਯੋਗ ਦਿੱਤਾ।
ਗੁਰੂ ਨਾਨਕ ਜਹਾਜ਼ ਦੇ ਸਫ਼ਰ ’ਤੇ ਚਾਨਣਾ ਪਾਇਆ
ਸਰੀ: (ਮਾਨ):
ਦਸਮੇਸ਼ ਪੰਜਾਬੀ ਸਕੂਲ ਐਬਟਸਫੋਰਡ ਵਿਖੇ ਵਿਦਵਾਨ, ਲੇਖਕ ਅਤੇ ਬੁਲਾਰੇ ਡਾ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਸ ਨੇ ਆਪਣੇ ਸੰਬੋਧਨ ਦੌਰਾਨ ਕੈਨੇਡਾ ਤੋਂ ਪੰਜਾਬ ਜਾ ਕੇ ਸ਼ਹੀਦ ਹੋਣ ਵਾਲੇ ਬੱਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੇ ਜੀਵਨ ਬਾਰੇ ਵਿਸ਼ੇਸ਼ ਚਾਨਣਾ ਪਾਇਆ। ਉਸ ਨੇ ਗੁਰੂ ਨਾਨਕ ਜਹਾਜ਼ ਦੇ ਸਫ਼ਰ ਅਤੇ ਉਸ ਦੇ ਅਸਲ ਇਤਿਹਾਸ ਦੇ ਪੱਖਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਬਾਬਾ ਗੁਰਦਿੱਤ ਸਿੰਘ ਦੀ ਲਿਖਤ ਕਿਤਾਬ ‘ਗੁਰੂ ਨਾਨਕ ਜਹਾਜ਼’ ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਅਤੇ ਵਿਦਿਆਰਥੀਆਂ ਨੂੰ ਭੇਟ ਕੀਤੀ। ਦਸਮੇਸ਼ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਵਿਚਾਰ ਬਹੁਤ ਗ਼ੌਰ ਨਾਲ ਸੁਣੇ ਅਤੇ ਇਤਿਹਾਸ ਸਬੰਧੀ ਕੁਝ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਜਵਾਬ ਡਾ. ਗੁਰਵਿੰਦਰ ਸਿੰਘ ਨੇ ਦਿਲਚਸਪੀ ਨਾਲ ਦਿੱਤੇ।
ਇਸ ਮੌਕੇ ’ਤੇ ਦਸਮੇਸ਼ ਪੰਜਾਬੀ ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਵੱਲੋਂ ਡਾ. ਗੁਰਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਐਬਟਸਫੋਰਡ ਦੇ ਵਾਸੀ ਸਨ। ਉਨ੍ਹਾਂ ਨੇ ਆਪਣੀ ਜ਼ਮੀਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਨੂੰ ਭੇਟ ਕਰਕੇ ਪੰਜਾਬ ਜਾ ਕੇ ਸ਼ਹੀਦੀ ਦਿੱਤੀ ਸੀ।
ਸੰਪਰਕ: +1 604 308 6663