ਪੱਤਰ ਪ੍ਰੇਰਕ
ਸਮਾਣਾ, 29 ਅਕਤੂਬਰ
ਇੱਥੇ ਪਬਲਿਕ ਕਾਲਜ ਵਿੱਚ ਦੀਵਾਲੀ ਦਾ ਤਿਉਹਾਰ ਪ੍ਰਿੰਸੀਪਲ ਡਾ.ਹਰਕੀਰਤ ਸਿੰਘ ਦੀ ਅਗਵਾਈ ਹੇਠ ਪ੍ਰਦੂਸ਼ਣ ਰਹਿਤ ਮਨਾਉਣ ਦਾ ਸੁਨੇਹਾ ਦੇਣ ਲਈ ਉਲੀਕਿਆ ਗਿਆ। ਇਸ ਮੌਕੇ ਕਾਲਜ ਵਿਦਿਆਰਥੀਆਂ ਨੇ ਸਟਾਲਾਂ ਲਗਾ ਕੇ ਆਪਣੀਆਂ ਸਟਾਰਟ ਅੱਪ/ਕਲਾਕ੍ਰਿਤੀਆਂ ਅਤੇ ਖਾਣ-ਪੀਣ ਦੀਆਂ ਵਸਤਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਮੌਕੇ ਐੱਨਐੱਸਐੱਸ ਵਿਭਾਗ, ਐੱਨਸੀਸੀ. ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਲਗਪਗ 40 ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਇਸ ਕੈਂਪ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਨਾਲ ਮੈਡਮ ਮੋਨਿਕਾ ਅਗਰਵਾਲ, ਮੁਖੀ ਬਲੱਡ ਬੈਂਕ ਰਾਜਿੰਦਰਾ ਹਸਪਤਾਲ, ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਯੂਥ ਕੋਆਰਡੀਨੇਟਰ ਡਾ. ਸ਼ਮੇਸਰ ਸਿੰਘ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਅਤੇ ਸਟਾਫ ਦਾ ਗੀਤ-ਸੰਗੀਤ ਨਾਲ ਮਨੋਰੰਜਨ ਕਰਵਾਇਆ ਗਿਆ। ਭੰਗੜਾ, ਫੋਕ ਆਰਕੈਸਟਰਾ ਤੇ ਲੁੱਡੀ ਨਾਚ ਨੇ ਵਿਦਿਆਰਥੀਆਂ ਨੂੰ ਝੂੰਮਣ ਲਾ ਦਿੱਤਾ। ਮਗਰੋਂ ਦੀਵਾਲੀ ਲੱਕੀ ਡਰਾਅ ਵੀ ਕੱਢਿਆ ਗਿਆ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ।
ਦੀਵਾਲੀ ਸਬੰਧੀ ਐੱਨਐੱਸਐੱਸ ਵਾਲੰਟੀਅਰਾਂ ਵੱਲੋਂ ਸਫ਼ਾਈ ਮੁਹਿੰਮ
ਪਾਤੜਾਂ (ਪੱਤਰ ਪ੍ਰੇਰਕ):
ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਗੁਰਵੀਨ ਕੌਰ ਦੀ ਅਗਵਾਈ ਹੇਠ ਐੱਨਐੱਸਐੱਸ ਵਿਭਾਗ ਵੱਲੋਂ ‘ਇਹ ਦੀਵਾਲੀ ਮਾਈ ਭਾਰਤ ਵਾਲੀ’ ਥੀਮ ਤਹਿਤ ਐੱਨਐੱਸਐੱਸ ਕੈਂਪ ਲਗਾਇਆ ਗਿਆ। ਪ੍ਰੋ. ਰਮਨਜੀਤ ਕੌਰ ਨੇ ਵਾਲੰਟੀਅਰਾਂ ਨੂੰ ਕਿਹਾ ਕਿ ਦੀਵਾਲੀ ਉਹ ਪ੍ਰਦੂਸ਼ਣ ਮੁਕਤ ਮਨਾਉਣਗੇ ਅਤੇ ਆਪਣੇ ਆਸ ਪਾਸ ਰਹਿੰਦੇ ਲੋਕਾਂ ਨੂੰ ਵੀ ਜਾਗਰੂਕ ਕਰਨਗੇ। ਕੈਂਪ ਦੌਰਾਨ ਕਾਲਜ ਪ੍ਰਿੰਸੀਪਲ ਗੁਰਵੀਨ ਕੌਰ ਅਤੇ ਪ੍ਰੋਗਰਾਮ ਅਫ਼ਸਰ ਪ੍ਰੋ. ਮਨਿੰਦਰ ਸਿੰਘ ਨੇ ਕਿਹਾ ਕਿ ਕੈਂਪ ਦੌਰਾਨ ਵਾਲੰਟੀਅਰਾਂ ਨੇ ਪਾਰਕਾਂ, ਲਾਇਬਰੇਰੀ, ਕੰਪਿਊਟਰ ਲੈਬ, ਸਟਾਫ਼ ਰੂਮ ਅਤੇ ਦਫ਼ਤਰ ਵਿੱਚ ਸਫਾਈ ਕੀਤੀ।