ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਅਕਤੂਬਰ
ਸਾਹਿਤਕ ਮੰਚ ਲਹਿਰਾ ਗਾਗਾ ਵੱਲੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਵਿੱਚ ਸਾਹਿਤਕ ਮਿਲਣੀ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਤਾਰਾ ਸਿੰਘ ਛਾਜਲੀ ਨੇ ਸ਼ਹੀਦਾਂ ਦੇ ਨਾਂ ਸ਼ਰਧਾਂਜਲੀ ਪੇਸ਼ ਕਰਕੇ ਕੀਤੀ। ਇਸ ਸਮਾਗਮ ਵਿੱਚ ਮੁਜ਼ਾਰਾ ਲਹਿਰ ਦੇ ਇਨਕਲਾਬੀ ਯੋਧੇ ‘ਬੰਤ ਰਾਮ ਅਲੀ ਸ਼ੇਰ’ ਬਾਰੇ ਨਾਵਲ ਲਿਖਣ ਵਾਲੇ ਮਾਸਟਰ ਹਰੀ ਸਿੰਘ ਢੁਡੀਕੇ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਹਰੀ ਸਿੰਘ ਢੁੱਡੀਕੇ ਨੇ ਬੰਤ ਰਾਮ ਅਲੀ ਸ਼ੇਰ ਦੀ ਸੰਘਰਸ਼ਮਈ ਜ਼ਿੰਦਗੀ ਬਾਰੇ ਲਿਖੇ ਨਾਵਲ ਵਿੱਚ ਉਨ੍ਹਾਂ ਦੀ ਜ਼ਿੰਦਗੀ ਉੱਤੇ ਚਾਨਣਾ ਪਾਇਆ ਹੈ। ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਕਿਰਨਜੀਤ ਸਿੰਘ ਐਡਵੋਕੇਟ ਨੇ ਮੁਜ਼ਾਰਾ ਲਹਿਰ ਦੇ ਇਤਿਹਾਸ ’ਤੇ ਚਾਨਣਾ ਪਾਇਆ। ਇਸ ਮੌਕੇ ਡਾਕਟਰ ਜਗਦੀਸ਼ ਪਾਪੜਾ, ਮਾਸਟਰ ਕੁਲਦੀਪ ਸਿੰਘ ਅਤੇ ਡਾਕਟਰ ਸੁਖਜਿੰਦਰ ਲਾਲੀ ਨੇ ਰਚਨਾਵਾਂ ਪੇਸ਼ ਕੀਤੀਆਂ। ਸਾਹਿਤਕ ਮੰਚ ਵੱਲੋਂ ਮਾਸਟਰ ਹਰੀ ਸਿੰਘ ਢੁਡੀਕੇ, ਮਾਸਟਰ ਗੁਰਚਰਨ ਸਿੰਘ ਢੁੱਡੀਕੇ ਅਤੇ ਜੈਕਬ ਢੁਡੀਕੇ ਤੋਂ ਇਲਾਵਾ ਸੀਬਾ ਸਕੂਲ ਦੇ ਪ੍ਰਬੰਧਕ ਕਮਲਜੀਤ ਢੀਂਡਸਾ ਦਾ ਸਨਮਾਨ ਕੀਤਾ ਗਿਆ । ਮਾਸਟਰ ਰਘਵੀਰ ਭਟਾਲ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਬੰਤ ਰਾਮ ਅਲੀਸ਼ੇਰ ਦੇ ਪੁੱਤਰ ਲਛਮਣ ਅਲੀਸ਼ੇਰ ਅਤੇ ਹੋਰ ਪਰਿਵਾਰਕ ਮੈਂਬਰ, ਕਾਮਰੇਡ ਹਰੀ ਸਿੰਘ ਕੋਟੜਾ, ਜਗਜੀਤ ਭੁਟਾਲ, ਪ੍ਰੇਮ ਪਾਲ ਐਡਵੋਕੇਟ, ਡਾਕਟਰ ਸਚਿਨ, ਰਣਜੀਤ ਲਹਿਰਾ ਹਾਜ਼ਰ ਸਨ।
ਪੁਸਤਕ ‘ਝਲਕ ਝਲੂਰ ਪਿੰਡ ਦੀ’ ਰਿਲੀਜ਼
ਲਹਿਰਾਗਾਗਾ (ਪੱਤਰ ਪ੍ਰੇਰਕ):
ਬਾਬਾ ਬੁੱਢਾ ਜੀ ਯਾਦਗਾਰੀ ਖੂਹ ਪ੍ਰਬੰਧਕ ਕਮੇਟੀ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਬਲਾਕ ਲਹਿਰਾਗਾਗਾ ਦੇ ਪਿੰਡ ਝਲੂਰ ਪਿੰਡ ਬਾਰੇ ਮਾਸਟਰ ਹਰਦੇਵ ਸਿੰਘ ਮੀਤ ਵੱਲੋਂ ਲਿਖੀ ਗਈ ਪੁਸਤਕ ‘ਝਲਕ ਝਲੂਰ ਪਿੰਡ ਦੀ’ ਤਿੰਨ ਰੋਜ਼ਾ ਧਾਰਮਿਕ ਪ੍ਰੋਗਰਾਮ ਦੇ ਤੀਜੇ ਦਿਨ ਲੋਕਾਂ ਨੂੰ ਅਰਪਣ ਕੀਤੀ ਗਈ ਪ੍ਰਿੰਸੀਪਲ ਬਲਵਿੰਦਰ ਸਿੰਘ ਬੁਰਜ ਨੇ ਪੁਸਤਕ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਛੋਟੀ ਬੱਚੀ ਇਮਾਨਪ੍ਰੀਤ ਕੌਰ ਨੇ ਆਪਣੇ ਦਾਦਾ ਜੀ ਦੀ ਲਿਖੀ ਪੁਸਤਕ ’ਤੇ ਮਾਣ ਮਹਿਸੂਸ ਕਰਦਿਆਂ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਹਾਜ਼ਰੀ ਲਗਵਾਈ।