ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਅਕਤੂਬਰ
ਮੈਨੇਜਿੰਗ ਡਾਇਰੈਕਟਰ ਜਤਿੰਦਰਪਾਲ ਸਿੰਘ ਦੀ ਅਧੀਨਗੀ ਵਾਲੀ ‘ਜੀਐੱਸਏ ਇੰਡਸਟਰੀਜ਼ (ਐਗਰੀਜ਼ੋਨ) ਦੌਲਤਪੁਰ ਪਟਿਆਲਾ ਵਿੱਚ ਥੈਲੇਸੀਮੀਆ ਪੀੜਤ ਬੱਚਿਆਂ ਲਈ ਲਾਏ ਗਏ 10ਵੇਂ ਕੈਂਪ ਦੌਰਾਨ 505 ਵਿਅਕਤੀਆਂ ਨੇ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਕਰਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਿਥੇ ਅਜਿਹੇ ਉਦਮ ਲਈ ਐੱਮਡੀ ਜਤਿੰਦਰਪਾਲ ਸਿੰਘ ਦੀ ਸ਼ਲਾਘਾ ਕੀਤੀ, ਉਥੇ ਹੀ ਖੂਨਦਾਨ ਨੂੰ ਉਤਮ ਦਾਨ ਦੱਸਿਆ। ਉਨ੍ਹਾਂ ਦਾ ਤਰਕ ਸੀ ਕਿ ਮਨੁੱਖ ਅਨੇਕਾਂ ਹੋਰ ਬੇਸ਼ੁਮਾਰ ਕੀਮਤੀ ਵਸਤਾਂ ਤਾਂ ਬਣਾਉਣ ਲੱਗ ਗਿਆ ਪਰ ਖੂਨ ਕਿਸੇ ਵੀ ਫੈਕਟਰੀ ’ਚ ਨਹੀਂ ਬਣਦਾ ਤੇ ਇਹ ਮਨੁੱਖ ਹੀ ਦੇ ਸਕਦਾ ਹੈ ਜਿਸ ਨਾਲ਼ ਕਿਸੇ ਮਰਦੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ।
ਇਸ ਮੌਕੇ ਡੀਐੱਸਪੀ ਜਸਵਿੰਦਰ ਟਿਵਾਣਾ ਤੇ ਪਟਿਆਲਾ ਮੀਡੀਆ ਕਲੱਬ ਦੇ ਚੇਅਰਮੈਨ ਸਰਬਜੀਤ ਸਿੰਘ ਭੰਗੂ ਨੇ ਖੂਨਦਾਨੀਆ ਨੂੰ ਸਰਟੀਫਿਕੇਟ ਵੰਡੇ। ਪ੍ਰਬੰਧਕ ਵਜੋਂ ਜਾਣਕਾਰੀ ਦਿੰਦਿਆਂ ਇੰਦਰਪ੍ਰ੍ਰੀਤ ਬਾਰਨ ਨੇ ਦੱਸਿਆ ਕਿ ਇਸ ਮੌਕੇ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਵਾਲੀਆ, ਪੀਸੀਐੱਸ ਰਿਚਾ ਗੋਇਲ, ਡੀਐੱਸਪੀ ਜਸਵਿੰਦਰ ਟਿਵਾਣਾ, ਇੰਸਪੈਕਟਰ ਸੁਖਵਿੰਦਰ ਗਿੱਲ, ਧਰਮ ਸਿੰਘ ਸੈਣੀ ਅਤੇ ਗੁਰਪ੍ਰੀਤ ਸੈਣੀ ਵਿਸੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸੰਖੇਪ ਤਕਰੀਰ ਦੌਰਾਨ ਫਰਮ ਦੇ ਮਾਲਕ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਮਿਹਨਤ ਕਦੇ ਵੀ ਅਜਾਈਂ ਨਹੀਂ ਜਾਂਦੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਬਹੁਤ ਹੇਠਲੇ ਪੱਧਰ ਤੋਂ ਸ਼ੁਰੂ ਕੀਤਾ ਉਸ ਦੇ ਕਰੋੜਾਂ ਦੇ ਕਾਰੋਬਾਰ ਪਿੱਛੇ ਮਿਹਨਤ ਦਾ ਹੀ ਕਮਾਲ ਹੈ।