ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ
ਗਿੱਦੜਬਾਹਾ ਜ਼ਿਮਨੀ ਚੋਣ ’ਚ ਉਮੀਦਵਾਰਾਂ ਵੱਲੋਂ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਹੱਕ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪ੍ਰਚਾਰ ਕਰਦਿਆਂ ਜਿਥੇ ਆਪ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ ਉਥੇ ਡਿੰਪੀ ਢਿੱਲੋਂ ਦੀ ਕਾਬਲੀਅਤ ਦਾ ਮੁਜ਼ਾਹਰਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਿੰਪੀ ਢਿੱਲੋਂ ਇਲਾਕੇ ਦੀਆਂ ਸਮੱਸਿਆਵਾਂ ਦਾ ਭਲੀ-ਭਾਂਤ ਪਤਾ ਹੈ। ਲੋਕਾਂ ਦੀ ਵੀ ਵਾਕਫੀਅਤ ਹੈ। ਇਸ ਦਾ 35 ਸਾਲ ਦਾ ਸਿਆਸੀ ਸਫਰ ਹੈ। ਹੁਣ ਇਹ ਗਿੱਦੜਬਾਹਾ ਹਲਕੇ ਨੂੰ ਵਿਕਾਸ ਵੱਲ ਲੈ ਕੇ ਜਾਵੇਗਾ। ਇਸ ਦੌਰਾਨ ਡਿੰਪੀ ਢਿੱਲੋਂ ਵੱਲੋਂ ਪਿੰਡ ਲੁਹਾਰਾ, ਗੁਰੂਸਰ, ਸੁਖਨਾ ਅਬਲੂ ਵਿੱਚ ਗੁਰਮੀਤ ਸਿੰਘ ਖੁੱਡੀਆਂ, ਕੋਠੇ ਫੁੰਮਣ ਸਿੰਘ ਵਾਲੇ, ਕੋਠੇ ਮਲੂਕੇ ਵਾਲੇ ਅਤੇ ਕੋਟਲੀ ਅਬਲੂ ਵਿੱਚ ਲੋਕਾਂ ਨਾਲ ਬੈਠਕਾਂ ਕਰਕੇ ਆਪਣਾ ਚੋਣ ਮਨੋਰਥ ਜ਼ਾਹਿਰ ਕਰਦਿਆਂ ਵੋਟ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗਿੱਦੜਬਾਹਾ ਦੇ ਵਿਕਾਸ ਲਈ 15 ਕਰੋੜ ਰੁਪਏ ਤੋਂ ਵੱਧ ਦਾ ਫੰਡ ਭੇਜ ਦਿੱਤਾ ਹੈ। ਕੁਝ ਕੰਮ ਸ਼ੁਰੂ ਹੋ ਗਿਆ ਹੈ ਤੇ ਬਾਕੀ ਵੋਟਾਂ ਤੋਂ ਬਾਅਦ ਸ਼ੁਰੂ ਹੋ ਜਾਵੇਗਾ ਜਿਸ ਵਿੱਚ ਸਾਰੀਆਂ ਮੰਡੀਆਂ ਵਿੱਚ ਸ਼ੈੱਡ ਬਣਾਉਣ ਅਤੇ ਫਰਸ਼ਾਂ ਦੀ ਮੁਰੰਮਤ ਕਰਨਾ ਸ਼ਾਮਲ ਹੈ। ਇਸ ਤੋਂ ਬਿਨ੍ਹਾਂ ਗਿਦੜਬਾਹਾ ਸ਼ਹਿਰ ਦੇ ਸੀਵਰੇਜ ਸਿਸਟਮ ਵਾਸਤੇ ਠੇਕਾ ਹੋ ਗਿਆ ਹੈ ਚਾਰ ਮਹੀਨਿਆਂ ’ਚ ਕੰਮ ਕੀਤਾ ਜਾਵੇਗਾ।
ਅਰਸ਼ਦੀਪ ਨੇ ਬਜ਼ੁਰਗਾਂ ਕੋਲੋਂ ਆਸ਼ੀਰਵਾਦ ਮੰਗਿਆ
‘ਆਪ ਉਮੀਦਵਾਰ ਡਿੰਪੀ ਢਿੱਲੋਂ ਦੀ ਬੇਟੀ ਅਰਸ਼ਦੀਪ ਕੌਰ ਢਿੱਲੋਂ ਵੱਲੋਂ ਵੀ ਘਰ-ਘਰ ਜਾ ਕੇ ਪ੍ਰਚਾਰ ਕਰਦਿਆਂ ਆਪਣੇ ਪਿਤਾ ਲਈ ਸਮਰਥਨ ਮੰਗਿਆ ਜਾ ਰਿਹਾ ਹੈ। ਉਨ੍ਹਾਂ ਬਜ਼ੁਰਗ ਔਰਤਾਂ ਨੂੰ ਆਸ਼ੀਰਵਾਰ ਦੇਣ ਦੀ ਅਪੀਲ ਕੀਤੀ।