ਪੱਤਰ ਪ੍ਰੇਰਕ
ਪਾਇਲ, 29 ਅਕਤੂਬਰ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਬਲਾਕ ਖੰਨਾ ਦੇ ਕਨਵੀਨਰ ਪਾਲ ਸਿੰਘ ਬੈਨੀਪਾਲ ਰੌਣੀ ਨੇ ਦੱਸਿਆ ਕਿ ਸਰਕਾਰ ਦਾ ਲਗਾਤਾਰ ਤੀਜਾ ਸਾਲ ਚੱਲ ਰਿਹਾ ਹੈ, ਪਰ ਮੁਲਾਜ਼ਮਾਂ ਦੇ ਪੱਲੇ ਸਿਰਫ਼ ਨਿਰਾਸ਼ਾ ਹੀ ਪਈ ਹੈ। ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਕੋਈ ਵੀ ਮਹਿੰਗਾਈ ਭੱਤਾ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 40 ਦਿਨ ਦੀ ਕਲਮ ਛੋੜ ਹੜਤਾਲ ਤੋਂ ਬਾਅਦ ਸਰਕਾਰ ਵੱਲੋਂ 12 ਫ਼ੀਸਦੀ ਦੀ ਥਾਂ ਸਿਰਫ਼ 4 ਫ਼ੀਸਦੀ ਡੀ.ਏ. ਦਿੱਤਾ ਸੀ ਜੋ ਮੁਲਾਜ਼ਮਾਂ ਨਾਲ ਇੱਕ ਧੋਖਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 53 ਫ਼ੀਸਦੀ ਡੀ.ਏ. ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਨੇ ਸਿਰਫ਼ 38 ਫ਼ੀਸਦੀ ਡੀ.ਏ. ਦਿੱਤਾ, 15 ਫ਼ੀਸਦੀ ਡੀ.ਏ. ਬਾਰੇ ਸਰਕਾਰ ਚੁੱਪ ਹੈ। ਇਸ ਮੌਕੇ ਪਾਲ ਸਿੰਘ ਬੈਨੀਪਾਲ, ਰਾਜ ਵਰਿੰਦਰ ਸਿੰਘ ਮਾਂਹਪੁਰ, ਗੁਰਪ੍ਰੀਤ ਸਿੰਘ ਸਿਰਥਲਾ, ਭੁਪਿੰਦਰ ਤ੍ਰਿਵੇਦੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਭੱਤਾ, ਏ.ਸੀ.ਪੀ., ਪੇਂਡੂ ਭੱਤਾ ਤੇ ਪੁਰਾਣੀ ਪੈਨਸ਼ਨ ਲਾਗੂ ਨਾ ਕੀਤੀ ਤਾਂ ਸਰਕਾਰ ਤੇ ਮੁਲਾਜ਼ਮਾਂ ਵਿੱਚ ਵੱਡਾ ਟਕਰਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਮੌਕੇ ਸਨੀ ਖੰਨਾ, ਹਰਦੀਪ ਸਿੰਘ, ਸਤਿੰਦਰ ਸਿੰਘ, ਗੁਰਮਿੰਦਰ ਸਿੰਘ, ਰਣਵੀਰ ਸਿੰਘ, ਨਾਇਬ ਸਿੰਘ, ਅਮਨਪ੍ਰੀਤ ਸਿੰਘ ਤੇ ਜਗਦੀਪ ਸਿੰਘ ਆਦਿ ਹਾਜ਼ਰ ਸਨ।