ਪੱਤਰ ਪ੍ਰੇਰਕ
ਮਾਛੀਵਾੜਾ, 29 ਅਕਤੂਬਰ
ਇੱਥੇ ਸਥਾਨਕ ਮੰਡੀ ਵਿੱਚ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਦਾ ਪਿੜਾਈ ਲਈ ਝੋਨਾ ਨਾ ਚੁੱਕਣ ਕਾਰਨ ਲਿਫਟਿੰਗ ਦੀ ਵੱਡੀ ਸਮੱਸਿਆ ਹੈ ਪਰ ਹੁਣ ਇਸ ਦਾ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ। ਦੋ ਦਿਨ ਪਹਿਲਾਂ ਹੀ ਖੁਰਾਕ ਸਪਲਾਈ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ ਨੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਕਰ ਕੇ ਝੋਨਾ ਚੁੱਕਣ ਦੀ ਅਪੀਲ ਕੀਤੀ ਸੀ। ਜਾਣਕਾਰੀ ਮੁਤਾਬਕ ਮਾਛੀਵਾੜਾ ਇਲਾਕੇ ਵਿੱਚ ਕਰੀਬ 32 ਸ਼ੈਲਰ ਹਨ ਜਿਨ੍ਹਾਂ ’ਚੋਂ 10 ਨੇ ਤਾਂ ਪਹਿਲਾਂ ਹੀ ਆਪਣੀ ਅਲਾਟਮੈਂਟ ਕਰਵਾ ਕੇ ਝੋਨਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ, ਪਰ ਹੁਣ ਤਾਜ਼ਾ ਜਾਣਕਾਰੀ ਅਨੁਸਾਰ 15 ਹੋਰ ਸ਼ੈਲਰ ਮਾਲਕਾਂ ਨੇ ਖੁਰਾਕ ਸਪਲਾਈ ਵਿਭਾਗ ਨੂੰ ਐਗਰੀਮੈਂਟ ਦੇ ਕੇ ਸ਼ੈਲਰ ਚਲਾਉਣ ਦੀ ਪ੍ਰਵਾਨਗੀ ਮੰਗੀ ਹੈ। ਜੇਕਰ ਮਾਛੀਵਾੜਾ ਇਲਾਕੇ ਦੇ 25 ਸ਼ੈਲਰ ਮਾਲਕ ਮੰਡੀ ’ਚੋਂ ਝੋਨਾ ਚੁੱਕਣ ਲੱਗ ਜਾਣਗੇ ਤਾਂ ਲਿਫਟਿੰਗ ਦੀ ਕਾਫ਼ੀ ਸਮੱਸਿਆ ਹੱਲ ਹੋ ਜਾਵੇਗੀ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ 7 ਸ਼ੈਲਰ ਮਾਲਕਾਂ ਨੇ ਝੋਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ, ਉਨ੍ਹਾਂ ਖਿਲਾਫ਼ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨੂੰ ਲਿਖਿਆ ਕਿ ਮਾਛੀਵਾੜਾ ਦੇ ਇਨ੍ਹਾਂ 7 ਸ਼ੈਲਰ ਮਾਲਕਾਂ ਨਾਲ ਮੀਟਿੰਗਾਂ ਕਰ ਵਾਰ-ਵਾਰ ਸ਼ੈਲਰ ਚਲਾਉਣ ਲਈ ਕਿਹਾ ਗਿਆ ਪਰ ਇਨ੍ਹਾਂ ਨੇ ਟਾਲ-ਮਟੋਲ ਦੀ ਨੀਤੀ ਅਪਣਾਈ ਜਿਸ ਕਾਰਨ ਮੰਡੀ ਵਿੱਚ ਲਿਫਟਿੰਗ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਅਧਿਕਾਰੀਆਂ ਅਨੁਸਾਰ ਇਨ੍ਹਾਂ 7 ਸ਼ੈਲਰ ਮਾਲਕਾਂ ਨੂੰ ਅਗਲੇ ਤਿੰਨ ਸਾਲਾਂ ਲਈ ਬਲੈਕਲਿਸਟ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।