ਗੁਰਿੰਦਰ ਸਿੰਘ
ਲੁਧਿਆਣਾ, 29 ਅਕਤੂਬਰ
ਵੱਖ-ਵੱਖ ਥਾਵਾਂ ਤੇ ਹੋਏ ਲੜਾਈ, ਝਗੜਿਆਂ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ 22 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਰਾਜਨ ਮੱਘੋ ਵਾਸੀ ਕੁੰਜ ਵਿਹਾਰ ਜੈ ਸਿੰਘ ਨਗਰ ਹੈਬੋਵਾਲ ਕਲਾਂ ਨੇ ਦੱਸਿਆ ਕਿ ਉਹ ਆਪਣੀ ਪਤਨੀ, ਭਰਾ, ਭਰਜਾਈ ਅਤੇ ਭਤੀਜੇ ਨੂੰ ਆਪਣੀ ਕਾਰ ਰਾਹੀਂ ਉਨ੍ਹਾਂ ਦੇ ਘਰ ਮਹਿਮੂਦਪੁਰਾ ਛੱਡਣ ਲਈ ਜਾ ਰਹੇ ਸਨ ਕਿ ਸਰਾਫ਼ਾ ਬਾਜ਼ਾਰ ਚੌਕ ਕੋਲ ਕਾਫ਼ੀ ਭੀੜ ਸੀ। ਉਨ੍ਹਾਂ ਜਦੋਂ ਗੱਡੀ ਦੇ ਹਾਰਨ ਮਾਰੇ ਤਾਂ ਉੱਥੇ ਖੜ੍ਹੇ ਦੋ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨੂੁੰ ਬੁਲਾ ਕੇ ਕੁੱਟਮਾਰ ਕੀਤੀ। ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਗਗਨ ਕਵਾਤਰਾ ਅਤੇ ਉਸਦੇ ਛੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਵਰਿੰਦਰ ਕੁਮਾਰ ਨੇ ਦੱਸਿਆ ਹੈ ਕਿ ਉਹ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਕੁੱਝ ਲੋਕਾਂ ਨੇ ਉਸ ਅਤੇ ਉਸਦੇ ਲੜਕੇ ਅੰਕਿਤ ਦੀ ਕੁੱਟਮਾਰ ਕਰਦਿਆਂ ਦੁਕਾਨ ਦੀ ਭੰਨ-ਤੋੜ ਕੀਤੀ। ਥਾਣੇਦਾਰ ਬਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਵਿਜੈ ਸ਼ੁਕਲਾ, ਉਸਦੇ ਭਰਾ ਸੁਨੀਲ ਕੁਮਾਰ ਸੁਕਲਾ, ਰਾਜੇਸ਼ ਸ਼ੁਕਲਾ, ਧੀਰਜ ਸੁਕਲਾ, ਰੋਹਿਤ ਕੁਮਾਰ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇੱਕ ਹੋਰ ਮਾਮਲੇ ਵਿੱਚ ਹਰਪਾਲ ਨਗਰ ਵਾਸੀ ਨੇਵਾ ਲਾਲ ਨੇ ਦੱਸਿਆ ਕਿ ਦਿਆ ਨਾਥ ਨੇ ਆਪਣਾ ਟੈਂਪੂ ਨੰਬਰ ਪੀਬੀ 10 ਜੇਪੀ 1157 ਗਲੀ ਵਿੱਚੋਂ ਲੰਘਾਉਣ ਸਮੇਂ ਉਸਦੀ ਸਕੂਟਰੀ ਨੂੰ ਫੇਟ ਮਾਰੀ, ਜਿਸ ਨਾਲ ਸਕੂਟਰੀ ਦਾ ਨੁਕਸਾਨ ਹੋਇਆ। ਇਸ ਦੌਰਾਨ ਦਿਆ ਨਾਥ ਨੇ ਨੇਵਾ ਲਾਲ ਦੀ ਖੱਬੀ ਲੱਤ ਤੋੜ ਦਿੱਤੀ ਅਤੇ ਉਸਦੇ ਲੜਕੇ ਦੇ ਹੱਥ ਉਪਰ ਸੱਟ ਮਾਰੀ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਗਰੇਵਾਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪੁਲੀਸ ਵੱਲੋਂ ਦਿਆ ਨਾਥ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਮਨਕੀਰਤ ਸਿੰਘ ਵਾਸੀ ਸਰਗੋਧਾ ਕਲੋਨੀ ਨੇ ਦੱਸਿਆ ਕਿ ਉਸਨੂੰ ਸਮਰੇ ਨਾਮ ਦੇ ਲੜਕੇ ਨੇ ਚੌਹਾਨ ਬੇਕਰੀ ਦੇ ਨਜ਼ਦੀਕ ਕੋਈ ਗੱਲਬਾਤ ਕਰਨ ਲਈ ਬੁਲਾਇਆ ਸੀ। ਉਹ ਜਦੋਂ ਉੱਥੇ ਪੁੱਜਾ ਤਾਂ ਪੁਰਾਣੀ ਰੰਜਿਸ਼ ਕਰਕੇ ਕੁੱਝ ਲੋਕਾਂ ਨੇ ਉਸਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਉਸਨੂੰ ਸੀਐੱਮਸੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਥਾਣੇਦਾਰ ਸੋਨਾ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਗੁਰਇਬਾਤਬੀਰ ਸਿੰਘ, ਉਸਦੇ ਪਿਤਾ ਸਰਨਬੀਰ ਸਿੰਘ ਅਤੇ ਸਰਨਬੀਰ ਸਿੰਘ ਦੇ ਭਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਕੂੰਮਕਲਾਂਂ ਦੀ ਪੁਲੀਸ ਨੂੰ ਸੁਖਚੈਨ ਸਿੰਘ ਵਾਸੀ ਪਿੰਡ ਸ੍ਰੀ ਭੈਣੀ ਸਾਹਿਬ ਨੇ ਦੱਸਿਆ ਕਿ ਗਿਆਨ ਸਿੰਘ ਅਤੇ ਬੰਤਾ ਸਿੰਘ ਨੇ ਪੁਰਾਣੀ ਰੰਜਿਸ਼ ਕਾਰਨ ਉਸਦੀ ਗੜਬਾ ਚੌਕ ਵਿੱਚ ਕੁੱਟਮਾਰ ਕੀਤੀ। ਹੌਲਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।