ਨਵੀਂ ਦਿੱਲੀ:
ਆਮ ਆਦਮੀ ਪਾਰਟੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਟਿੱਪਣੀ ਨੂੰ ਲੈ ਕੇ ਉਨ੍ਹਾਂ ’ਤੇ ਹਮਲਾ ਕੀਤਾ ਕਿ ਦਿੱਲੀ ਤੇ ਪੱਛਮੀ ਬੰਗਾਲ ਦੀਆਂ ਸਰਕਾਰਾਂ ਨੇ ‘ਸਿਆਸੀ ਹਿੱਤਾਂ’ ਕਾਰਨ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਨੂੰ ਲਾਗੂ ਨਹੀਂ ਕੀਤਾ। ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਕੇਂਦਰ ਦੀ ਸਿਹਤ ਬੀਮਾ ਯੋਜਨਾ ਨੂੰ ‘ਫੇਲ੍ਹ’ ਪਹਿਲ ਕਰਾਰ ਦਿੱਤਾ। ਇੱਥੇ ਏਮਸ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਸੀ, ‘‘ਮੈਂ ਦਿੱਲੀ ਤੇ ਪੱਛਮੀ ਬੰਗਾਲ ਵਿੱਚ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਤੋਂ ਮੁਆਫ਼ੀ ਮੰਗਦਾ ਹਾਂ। ਮੈਂ ਤੁਹਾਡੀ ਪੀੜ ਸਮਝਦਾ ਹਾਂ, ਪਰ ਸੂਬਾ ਸਰਕਾਰਾਂ ਦੇ ਫ਼ੈਸਲਿਆਂ ਕਾਰਨ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ।’’ ਭਾਰਦਵਾਜ ਨੇ ਅੱਜ ਪੱਤਰਕਾਰਾਂ ਨੂੰ ਕਿਹਾ, ‘‘ਆਯੂਸ਼ਮਾਨ ਭਾਰਤ ਯੋਜਨਾ ਆਪਣੀ ਸੀਮਤ ਯੋਗਤਾ ਸ਼ਰਤਾਂ ਕਾਰਨ ਫੇਲ੍ਹ ਹੋ ਗਈ ਹੈ।’’ -ਪੀਟੀਆਈ