ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 30 ਅਕਤੂਬਰ
ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਚਾਰ ਦਿਨਾਂ ਤੱਕ ਚੱਲਣ ਵਾਲੇ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਅੱਜ ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲ, ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਨਰਸਿੰਗ ਤੇ ਬੀ.ਐਡ ਕਾਲਜ ਰਤਵਾੜਾ ਸਾਹਿਬ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਰਾਹੀਂ ਸ਼ੁਰੂਆਤ ਕੀਤੀ। ਮੰਚ ਸੰਚਾਲਕ ਭਾਈ ਜਸਵੰਤ ਸਿੰਘ ਸਿਆਣ ਤੇ ਡਾਕਟਰ ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਭਾਈ ਗੁਰਪ੍ਰੀਤ ਸਿੰਘ ਫਰੀਦਕੋਟ, ਗਿਆਨੀ ਵਿਰਸਾ ਸਿੰਘ ਮੱਖਣ, ਬੀਬਾ ਕਮਲਜੀਤ ਕੌਰ ਸ਼ਾਹਬਾਦ ਮਾਰਕੰਡਾ ਸਮੇਤ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਰਤਵਾੜਾ ਸਾਹਿਬ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਦੌਰਾਨ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਦਾ ਉਦਘਾਟਨ ਸੰਤ ਵਰਿਆਮ ਦੇ ਪੁੱਤਰ ਭਾਈ ਮਨਜੀਤ ਸਿੰਘ ਐੱਨਆਰਆਈ, ਬਾਬਾ ਲਖਬੀਰ ਸਿੰਘ ਤੇ ਇੰਦਰਜੀਤ ਸਿੰਘ ਰੰਧਾਵਾ ਨੇ ਕੀਤਾ। ਕੈਂਪ ਦੌਰਾਨ ਵੱਡੀ ਗਿਣਤੀ ਮਰੀਜ਼ਾਂ ਨੇ ਚੈਕਅੱਪ ਕਰਵਾਇਆ ਅਤੇ 52 ਮਰੀਜਾਂ ਦੇ ਅਪਰੇਸ਼ਨ ਕੀਤੇ ਗਏ। ਸਮਾਗਮਦ ਦੌਰਾਨ ਪਹਿਲੀ ਨਵੰਬਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।