ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਅਕਤੂਬਰ
ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਸਮੇਂ ਖਾਦਾਂ ਦੀ ਕਾਲਾ ਬਾਜ਼ਾਰੀ, ਵੱਧ ਕੀਮਤ ਵਸੂਲੀ ਕਰਨ ਅਤੇ ਖਾਦਾਂ ਨਾਲ ਬੇਲੋੜੀਆਂ (ਹੋਰ ਸਮਗਰੀ) ਟੈਗਿੰਗ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਧਿਕਾਰੀ ਖਾਦਾਂ ਦੇ ਸੇਲ ਪੁਆਇੰਟ ਦਾ ਨਿਰੰਤਰ ਨਿਰੀਖਣ ਕਰਨ ਤਾਂ ਜੋ ਕਿਸਾਨਾਂ ਨੂੰ ਬਿਜਾਈ ਸਮੇਂ ਕਿਸੇ ਵੀ ਤਰ੍ਹਾਂ ਮੁਸ਼ਕਲ ਪੇਸ਼ ਨਾ ਆਵੇ।
ਡੀਸੀ ਦੇ ਆਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ, ਡਾ. ਗੁਰਮੇਲ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਖਰੜ ਵਿੱਚ ਖਾਦ ਡੀਲਰਾਂ ਦੀ ਚੈਕਿੰਗ ਕੀਤੀ। ਉਨ੍ਹਾਂ ਨੇ ਖਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਖਾਦ ਸਟਾਕ ਰਜਿਸਟਰ, ਬਿੱਲ ਬੁੱਕ ਅਤੇ ਪੁਆਇੰਟ ਆਫ਼ ਸੇਲ ਮਸ਼ੀਨ ਦਾ ਮਿਲਾਣ ਗੋਦਾਮ ਵਿੱਚ ਪਏ ਡੀਏਪੀ ਸਟਾਕ ਨਾਲ ਮੇਲ ਖਾਂਦਾ ਹੋਵੇ ਅਤੇ ਖਾਦਾਂ ਦਾ ਰੇਟ ਅਤੇ ਸਟਾਕ ਦੁਕਾਨ ਦੇ ਡਿਸਪਲੇ ਬੋਰਡ ’ਤੇ ਲਿਖਿਆ ਹੋਵੇ, ਨਾਲ ਹੀ ਬਿਲ ਬੁੱਕ ’ਤੇ ਕਿਸਾਨ ਦਾ ਮੋਬਾਈਲ ਨੰਬਰ ਵੀ ਦਰਜ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਕੋਈ ਵੀ ਖਾਦ ਵਿਕਰੇਤਾ ਡੀਏਪੀ, ਯੂਰੀਆ ਖਾਦ ਨਾਲ ਕਿਸੇ ਵੀ ਬੇਲੋੜੀ ਸਮੱਗਰੀ ਦੀ ਟੈਗਿੰਗ ਨਹੀਂ ਕਰੇਗਾ। ਅਜਿਹੇ ਕਰਨ ਵਾਲੇ ਵਿਕਰੇਤਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਡੀਏਪੀ ਦੇ ਬਦਲ ਵਜੋਂ ਹੋਰ ਖਾਦਾਂ ਵਰਤਣ ਦੀ ਸਲਾਹ
ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ਾਂ ਅਨੁਸਾਰ ਹੀ ਡੀਏਪੀ ਖਾਦ ਪਾਉਣ ਦੀ ਅਪੀਲ ਕੀਤੀ ਗਈ ਅਤੇ ਡੀਏਪੀ ਦੇ ਬਦਲ ਵਜੋਂ ਟ੍ਰਿਪਲ/ਸਿੰਗਲ ਸੁਪਰ ਫਾਸਫੇਟ ਤੇ ਹੋਰ ਐੱਨਪੀਕੇ ਖਾਦਾਂ ਦੀ ਵਰਤੋਂ ਵਧਾਉਣ ਦੀ ਸਲਾਹ ਦਿੱਤੀ ਹੈ। ਖਾਦ ਸਬੰਧੀ ਕਿਸੇ ਵੀ ਜ਼ਿਮੀਂਦਾਰ ਦੀ ਜੇਕਰ ਕੋਈ ਸ਼ਿਕਾਇਤ ਹੋਵੇ ਤਾਂ ਉਹ ਬਲਾਕ ਖੇਤੀਬਾੜੀ ਅਫ਼ਸਰ ਡੇਰਾਬੱਸੀ (87280-00087), ਬਲਾਕ ਖੇਤੀਬਾੜੀ ਅਫ਼ਸਰ ਖਰੜ (84279-77101) ਅਤੇ ਬਲਾਕ ਖੇਤੀਬਾੜੀ ਅਫ਼ਸਰ ਮਾਜਰੀ (98156-77245) ਨਾਲ ਸੰਪਰਕ/ਸੂਚਨਾ ਦੇ ਸਕਦਾ ਹੈ।