ਦੇਵਿੰਦਰ ਸਿੰਘ ਜੱਗੀ
ਪਾਇਲ, 30 ਅਕਤੂਬਰ
ਇੱਥੇ ਸ਼ਹਿਰ ਅੰਦਰੋਂ ਲੰਘਦੀ ਮੁੱਖ ਸੜਕ ’ਤੇ ਟਰੈਫਿਕ ਦੀ ਭਾਰੀ ਸਮੱਸਿਆ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੁਲੀਸ ਬੇਖ਼ਬਰ ਹੈ। ਇੱਕ ਪਾਸੇ ਤਾਂ ਦੀਵਾਲੀ ਦਾ ਤਿਉਹਾਰ ਹੈ ਤੇ ਦੂਜੇ ਪਾਸੇ ਝੋਨੇ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਸੜਕ ਦੇ ਆਲੇ-ਦੁਆਲੇ ਦੀਵਾਲੀ ਕਾਰਨ ਦੁਕਾਨਾਂ ਮੂਹਰੇ ਪਟਾਕੇ, ਹੱਟੜੀਆਂ, ਸਜਾਵਟੀ ਸਾਮਾਨ ਤੇ ਮਠਿਆਈਆਂ ਦੀਆਂ ਦੁਕਾਨਾਂ ਤੋਂ ਇਲਾਵਾ ਸਬਜ਼ੀਆਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਹਨ। ਝੋਨੇ ਦਾ ਸੀਜ਼ਨ ਹੋਣ ਕਾਰਨ ਜੀਰੀ ਦੀਆਂ ਟਰਾਲੀਆਂ ਮੰਡੀ ਵੱਲ ਆ ਰਹੀਆਂ ਹਨ ਤੇ ਪਰਾਲੀ ਢੋਣ ਵਾਲੀਆਂ ਵੱਡੀਆਂ ਟਰਾਲੀਆਂ ਦਾ ਵੀ ਪੂਰਾ ਜ਼ੋਰ ਹੈ ਜਿਸ ਕਰਕੇ ਅਕਸਰ ਹੀ ਜਾਮ ਲੱਗਿਆ ਰਹਿੰਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਕੱਦੋਂ ਚੌਕ ਜਿੱਥੇ 24 ਘੰਟੇ ਪੁਲੀਸ ਦਾ ਨਾਕਾ ਹੋਣਾ ਚਾਹੀਦਾ ਹੈ, ਉੱਥੇ ਟਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਝੋਨੇ ਦੇ ਸੀਜਨ ਦੌਰਾਨ ਕਦੇ ਵੀ ਕੋਈ ਪੁਲੀਸ ਮੁਲਾਜ਼ਮ ਤਾਇਨਾਤ ਨਹੀਂ ਦੇਖਿਆ ਗਿਆ। ਮੇਨ ਕੱਦੋਂ ਚੌਕ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਕਿ ਪੁਲੀਸ ਮੁਲਾਜ਼ਮ ਹਾਜ਼ਰ ਨਹੀਂ ਦਿਖਾਈ ਦਿੰਦੇ। ਅੱਜ ਕੱਦੋਂ ਚੌਕ ਵਿੱਚ ਜਾਮ ਲੱਗਣ ਕਾਰਨ ਲੋਕ ਸ਼ਹਿਰ ਦੀਆਂ ਤੰਗ ਗਲੀਆਂ ਤੇ ਬਾਜ਼ਾਰਾਂ ਵਿੱਚੋਂ ਲੰਘਣ ਲਈ ਮਜਬੂਰ ਹੋਏ। ਲੋਕਾਂ ਦੀ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਹੈ ਕਿ ਝੋਨੇ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ 24 ਘੰਟੇ ਪੁਲੀਸ ਤਾਇਨਾਤ ਕੀਤੀ ਜਾਵੇ। ਐੱਸਐੱਚਓ ਪਾਇਲ ਸੰਦੀਪ ਕੁਮਾਰ ਨੇ ਕਿਹਾ ਕਿ ਮਹਿਲਾ ਕਾਂਸਟੇਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।