ਸਰਬਜੀਤ ਸਿੰੰਘ ਭੰਗੂ
ਪਟਿਆਲਾ, 30 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 14ਵੀਂ ਵਾਰ ਐਗਜ਼ੈਕਟਿਵ ਮੈਂਬਰ ਬਣੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦਾ ਅੰਮ੍ਰਿਤਸਰ ਤੋਂ ਇੱਥੇ ਪਰਤਣ ’ਤੇ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵੱਖ-ਵੱਖ ਸੰਸਥਾਵਾਂ ਅਤੇ ਆਗੂਆਂ ਨੇ ਸਨਮਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ’ਤੇ ਸ਼੍ਰੋਮਣੀ ਕਮੇਟੀ ਦੀ ਇਸ ਚੋਣ ’ਚ ਸਿੱਧੀ ਦਖਲਅੰਦਾਜ਼ੀ ਕਰਨ ਦੇ ਦੋਸ਼ ਲਾਏ। ਤਰਕ ਸੀ ਕਿ ਇਸ ਦੌਰਾਨ ਬਾਦਲ ਦਲ ਦੇ ਮੈਂਬਰਾਂ ਨੂੰ ਅਕਾਲੀ ਸੁਧਾਰ ਲਹਿਰ ਦੇ ਹੱਕ ’ਚ ਭੁਗਤਣ ਜਾਂ ਫੇਰ ਬਾਦਲ ਦਲ ਦੀ ਚੋਣ ਮੁਹਿੰਮ ’ਚ ਬਹੁਤੀਆਂ ਸਰਗਰਮੀਆਂ ਨਾ ਕਰਨ ਲਈ ‘ਆਪ’ ਦੇ ਵਿਧਾਇਕ ਵੀ ਡਰਾਉਂਦੇ ਧਮਕਾਉਂਦੇ ਰਹੇ। ਇਸ ਗੱਲ ਨੂੰ ਹੋਰ ਵੀ ਪੱਕੇ ਪੈਰੀਂ ਕਰਦਿਆਂ ਸੁਰਜੀਤ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਦ ਨੂੰ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਗੜ੍ਹੀ ਨੇ ਆਖਿਆ ਕਿ ਮੌਕੇ ਦੀਆਂ ਦੋਵੇਂ ਹਕੂਮਤਾਂ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਜੱਗ ਜ਼ਾਹਿਰ ਹੋ ਗਈ। ਉਨ੍ਹਾਂ ਹੋਰ ਕਿਹਾ ਕਿ ਨਾ ਸਿਰਫ਼ ਧਾਰਮਿਕ ਮਾਮਲਿਆਂ, ਬਲਕਿ ਕੇਂਦਰ ਸਰਕਾਰ ਤਾਂ ਪੰਜਾਬੀਆਂ ਨੂੰ ਹੀ ਵੇਖਣਾ ਨਹੀਂ ਚਾਹੁੰਦੀ ਤੇ ਐਤਕੀਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਦੀ ਕਾਰਵਾਈ ਇਸੇ ਹੀ ਕੜੀ ਦਾ ਹਿੱਸਾ ਹੈ। ਉਪਰੋਂ ਪੰਜਾਬ ਸਰਕਾਰ ਵੀ ਭਗਵੇਂ ’ਚ ਰੰਗਦੀ ਜਾ ਰਹੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਮੈਨੇਜਰ ਰਾਜਿੰਦਰ ਸਿੰਘ ਟੌਹੜਾ, ਹੈੱਡ ਗ੍ਰੰਥੀ ਗਿਆਨੀ ਪ੍ਰ੍ਰਣਾਮ ਸਿੰਘ, ਸਹਾਇਕ ਹੈੱਡ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸਰਜੀਤ ਸਿੰਘ ਕੌਲੀ, ਮੋਤੀ ਬਾਗ ਸਾਹਿਬ ਦੇ ਮੈਨੇਜਰ ਏਪੀਐਸ ਬੇਦੀ, ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਕਾਲ਼ਵਾ, ਕਰਹਾਲੀ ਸਾਹਿਬ ਦੇ ਮੈਨੇਜਰ ਧਨਵੰਤ ਸਿੰਘ ਹੁਸੈਨਪੁਰ, ਕੰਵਰ ਬੇਦੀ, ਯੂਥ ਆਗੂ ਸੁਰਿੰਦਰ ਘੁਮਾਣਾ, ਬਲਵਿੰਦਰ ਨੇਪਰਾਂ, ਭੁਪਿੰਦਰ ਸਿੰਘ ਗੋਲੂ ਤੇ ਜਸਦੇਵ ਸਿੰਘ ਜਰੀਕਪੁਰ ਸਮੇਤ ਕਈ ਆਗੂ ਹਾਜ਼ਰ ਸਨ। ਰੁਝੇਵੇਂ ਕਾਰਨ ਹਾਜ਼ਰ ਨਾ ਹੋ ਸਕੇ ਸਨੌਰ ਤੋਂ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਤੇ ਸਵਿੰਦਰ ਸਿੰਘ ਸੱਭਰਵਾਲ ਨੇ ਵੀ ਸਵਾਗਤ ਕੀਤਾ।