ਦੁਬਈ, 30 ਅਕਤੂਬਰ
ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਅੱਜ ਜਾਰੀ ਆਈਸੀਸੀ ਪੁਰਸ਼ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਸਿਖਰਲੇ ਦਰਜੇ ਦਾ ਗੇਂਦਬਾਜ਼ ਬਣ ਗਿਆ ਹੈ। ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਲੈਅ ਵਿੱਚ ਚੱਲ ਰਹੇ ਸੱਜੇ ਹੱਥ ਦੇ ਗੇਂਦਬਾਜ਼ ਰਬਾਡਾ ਨੇ ਹਾਲ ਹੀ ’ਚ ਬੰਗਲਾਦੇਸ਼ ਖ਼ਿਲਾਫ਼ ਮੀਰਪੁਰ ’ਚ ਖੇਡੇ ਗਏ ਪਹਿਲੇ ਟੈਸਟ ’ਚ 9 ਵਿਕਟਾਂ ਲੈ ਕੇ ਕ੍ਰਿਕਟ ਦੀ ਇਸ ਵੰਨਗੀ ’ਚ ਆਪਣੀਆਂ 300 ਵਿਕਟਾਂ ਪੂਰੀਆਂ ਕੀਤੀਆਂ ਹਨ। ਉਧਰ ਪੁਣੇ ’ਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡੇ ਗਏ ਦੂਜੇ ਟੈਸਟ ’ਚ ਬੁਮਰਾਹ ਇੱਕ ਵੀ ਵਿਕਟ ਨਹੀਂ ਲੈ ਸਕਿਆ। ਇਸ ਤਰ੍ਹਾਂ ਉਹ ਦੋ ਸਥਾਨ ਖਿਸਕ ਕੇ ਤੀਜੇ ਸਥਾਨ ’ਤੇ ਆ ਗਿਆ ਹੈ। ਦੂਜੇ ਸਥਾਨ ’ਤੇ ਆਸਟਰੇਲੀਆ ਦਾ ਜੋਸ਼ ਹੇਜ਼ਲਵੁੱਡ ਹੈ। ਭਾਰਤ ਦਾ ਤਜਰਬੇਕਾਰ ਆਫ ਸਪਿਨੰਰ ਰਵੀਚੰਦਰਨ ਅਸ਼ਵਿਨ ਵੀ ਦੋ ਸਥਾਨਾਂ ਦੇ ਨੁਕਸਾਨ ਨਾਲ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਆਸਟਰੇਲੀਆ ਦਾ ਕਪਤਾਨ ਪੈਟ ਕਮਿਨਸ ਵੀ ਸਿਖਰਲੇ ਪੰਜ ਗੇਂਦਬਾਜ਼ਾਂ ’ਚ ਸ਼ਾਮਲ ਹੈ। ਹਾਲ ਹੀ ਵਿੱਚ ਰਾਵਲਪਿੰਡੀ ’ਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਤੀਜੇ ਆਖਰੀ ਟੈਸਟ ’ਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲਾ ਪਾਕਿਸਤਾਨੀ ਸਪਿੰਨਰ ਨੋਮਾਨ ਅਲੀ ਸਿਖਰਲੇ 10 ਗੇਂਦਬਾਜ਼ਾਂ ਵਿੱਚ ਸ਼ੁਮਾਰ ਹੈ। ਬੱਲੇਬਾਜ਼ਾਂ ਦੀ ਸੂਚੀ ’ਚ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਇੱਕ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ