ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ
ਸਿਵਲ ਹਸਪਤਾਲ ਦੇ ਸੀਨੀਅਰ ਟੀਬੀ ਲੈਬ ਸੁਪਰਵਾਈਜ਼ਰ ਹਰਭਗਵਾਨ ਸਿੰਘ ਨੂੰ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਟੂਰ ’ਤੇ ਰਵਾਨਾ ਕਰਦਿਆਂ ਉਨ੍ਹਾਂ ਦੇ ਇਸ ਯਤਨ ਨੂੰ ਭਰਪੂਰ ਸ਼ਲਾਘਾ ਕੀਤੀ। ਸ੍ਰੀ ਤ੍ਰਿਪਾਠੀ ਨੇ ਕਿਹਾ ਕਿ ਇਸ ਨਾਲ ਜਿਥੇ ਲੋਕਾਂ ਨੂੰ ਟੀਬੀ ਤੋਂ ਬਚਾਅ ਲਈ ਜਾਣਕਾਰੀ ਮਿਲੇਗੀ ਉਥੇ ਵਾਤਾਵਰਨ ਪ੍ਰਦੂਸ਼ਨ ਤੋਂ ਬਚਾਅ ਲਈ ਸਾਇਕਲ ਚਲਾਉਣ ਦੀ ਪ੍ਰੇਰਨਾ ਵੀ ਮਿਲੇਗੀ। ਸ੍ਰੀ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸਾਇਕਲ ਚਲਾ ਕੇ ਸਿਹਤ ਜਾਗਰੂਕਤਾ ਫੈਲਾ ਰਹੇ ਹਨ। ਹੁਣ ਸਿਹਤ ਵਿਭਾਗ ਵੱਲੋਂ ਉਨ੍ਹਾਂ 60 ਦਿਨਾਂ ਦੇ ਸਾਈਕਲ ਟੂਰ ਉਪਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਣ ਦੀ ਇਜਾਜ਼ਤ ਦਿੱਤੀ ਹੈ ਜਿਸ ਦੌਰਾਨ ਉਹ ਟੀਬੀ ਦੀ ਬਿਮਾਰੀ ਤੋਂ ਬਚਾਅ ਅਤੇ ਇਲਾਜ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਉਹ ਸ੍ਰੀ ਮੁਕਤਸਰ ਸਾਹਿਬ ਤੋਂ ਕਸ਼ਮੀਰ ਤੱਕ ਸਾਈਕਲ ਚਲਾ ਕੇ ਜਾਣਗੇ ਅਤੇ ਉਥੋਂ ਕੰਨਿਆ ਕੁਮਾਰੀ ਤੱਕ ਸਾਈਕਲ ਯਾਤਰਾ ਕਰਨਗੇ ਜੋ ਕਿ ਕਰੀਬ 47 ਸੌ ਕਿਲੋਮੀਟਰ ਬਣਦੀ ਹੈ।