ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਬਣਨ ਦੀ ਆਖ਼ਰੀ ਤਰੀਕ 31 ਅਕਤੂਬਰ ਹੈ ਅਤੇ ਹੁਣ ਤੱਕ ਸੂਬੇ ਵਿੱਚ ਕਰੀਬ 51.04 ਲੱਖ ਵੋਟਰ ਬਣ ਚੁੱਕੇ ਹਨ। ਸਿੱਖ ਸੰਸਥਾ ਦੀਆਂ 2011 ’ਚ ਹੋਈਆਂ ਆਮ ਚੋਣਾਂ ’ਚ ਪੰਜਾਬ ਤੋਂ ਲਗਪਗ 52 ਲੱਖ 69 ਹਜ਼ਾਰ ਯੋਗ ਵੋਟਰ ਸਨ। ਪ੍ਰਾਪਤ ਵੇਰਵਿਆਂ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 5.76 ਲੱਖ ਵੋਟਰ ਬਣੇ ਹਨ, ਜਦੋਂ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਸਭ ਤੋਂ ਘੱਟ 36,277 ਵੋਟਰ ਬਣੇ ਹਨ। ਗੁਰਦੁਆਰਾ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 25 ਅਕਤੂਬਰ ਤੱਕ ਅੰਮ੍ਰਿਤਸਰ ਤੋਂ ਬਾਅਦ ਦੂਜੇ ਨੰਬਰ ’ਤੇ ਲੁਧਿਆਣਾ ਜ਼ਿਲ੍ਹਾ ਹੈ, ਜਿੱਥੇ 5.70 ਲੱਖ ਵੋਟਰ ਬਣੇ ਹਨ। ਗੁਰਦਾਸਪੁਰ ਵਿੱਚ 4.37 ਲੱਖ, ਤਰਨ ਤਾਰਨ ਵਿੱਚ 3.18 ਲੱਖ, ਪਟਿਆਲਾ ਵਿੱਚ 2.91 ਲੱਖ, ਸੰਗਰੂਰ ਵਿੱਚ 2.79 ਲੱਖ, ਮੁਕਤਸਰ ਵਿੱਚ 2.66 ਲੱਖ, ਮੋਗਾ ਵਿੱਚ 2.59 ਲੱਖ, ਜਲੰਧਰ ਵਿੱਚ 2.29 ਲੱਖ, ਮਾਨਸਾ ਵਿੱਚ 1.90 ਲੱਖ, ਬਠਿੰਡਾ ਵਿੱਚ 1.90 ਲੱਖ, ਐੱਸਏਐੱਸ ਨਗਰ (ਮੁਹਾਲੀ) 1.64 ਲੱਖ, ਹੁਸ਼ਿਆਰਪੁਰ 1.60 ਲੱਖ, ਬਰਨਾਲਾ ਵਿੱਚ 1.46 ਲੱਖ, ਰੂਪਨਗਰ 1.39 ਲੱਖ, ਕਪੂਰਥਲਾ ਵਿੱਚ 1.38 ਲੱਖ, ਫਤਹਿਗੜ੍ਹ ਸਾਹਿਬ ਵਿੱਚ 1.21 ਲੱਖ, ਫਾਜ਼ਿਲਕਾ ਵਿੱਚ 1.12 ਲੱਖ, ਫ਼ਰੀਦਕੋਟ ਵਿੱਚ 1.02 ਲੱਖ, ਮਾਲੇਰਕੋਟਲਾ ਵਿੱਚ 75,057 ਅਤੇ ਐੱਸਬੀਐੱਸ ਨਗਰ ਵਿੱਚ 58,664 ਵੋਟਰ ਬਣੇ ਹਨ। ਅਧਿਕਾਰੀਆਂ ਅਨੁਸਾਰ ਯੋਗ ਵੋਟਰਾਂ ਦੀ ਗਿਣਤੀ, ਪੜਤਾਲ ਅਤੇ ਸ਼ਰਤਾਂ ਦਾ ਨਿਰੀਖਣ ਕਰਨ ਮਗਰੋਂ ਪਤਾ ਲੱਗੇਗੀ। ਇਸ ਵਾਰ ਹਰਿਆਣਾ ਦੇ ਸਿੱਖ ਸ਼੍ਰੋ੍ਮਣੀ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਨਹੀਂ ਬਣ ਸਕਣਗੇ ਕਿਉਂਕਿ ਉੱਥੇ ਹਰਿਆਣਾ ਦੇ ਗੁਰਦੁਆਰਿਆਂ ਦੀ ਵੱਖਰੀ ਗੁਰਦੁਆਰਾ ਕਮੇਟੀ ਬਣ ਚੁੱਕੀ ਹੈ। ਫਿਲਹਾਲ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਸਿੱਖ ਵੋਟਰਾਂ ਦੀ ਗਿਣਤੀ ਸਬੰਧੀ ਸੂਚੀ ਆਉਣੀ ਬਾਕੀ ਹੈ।