ਰਾਜਿੰਦਰ ਵਰਮਾ
ਭਦੌੜ, 30 ਅਕਤੂਬਰ
ਭਦੌੜ ਦੇ ਜੰਮਪਲ ਅਤੇ ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ ਦੇ ਛੋਟੇ ਭਰਾ ਡਾ. ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿੱਚ ਵਿਧਾਇਕ ਚੁਣੇ ਜਾਣ ’ਤੇ ਭਦੌੜ ਸਥਿਤ ਉਨ੍ਹਾਂ ਦੇ ਘਰ ’ਚ ਲੱਡੂ ਵੰਡੇ ਗਏ। 28 ਅਕਤੂਬਰ ਨੂੰ ਹੋਈਆਂ ਆਮ ਚੋਣਾਂ ਵਿਚ ਤੇਜਿੰਦਰ ਸਿੰਘ ਗਰੇਵਾਲ (ਉਮੀਦਵਾਰ ਐਨਡੀਪੀ) ਨੂੰ 3635 ਵੋਟਾਂ ਮਿਲੀਆਂ ਜਦਕਿ ਉਸ ਦੇ ਵਿਰੋਧੀ ਗਇੱਸਲੇਨ ਮੈਕਲੀਡ (ਉਮੀਦਵਾਰ ਐਸਪੀ) ਨੂੰ 2505 ਵੋਟਾਂ ਮਿਲੀਆਂ। ਸ੍ਰੀ ਗਰੇਵਾਲ 1130 ਵੋਟਾਂ ਨਾਲ ਜੇਤੂ ਰਹੇ। ਇਨ੍ਹਾਂ ਚੋਣਾਂ ਦੇ ਨਤੀਜੇ 29 ਅਕਤੂਬਰ ਨੂੰ ਆਏ ਹਨ। ਜਾਣਕਾਰੀ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੀਐਚਡੀ ਕਰ ਕੇ ਤੇਜਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਡਾ. ਰਵਿੰਦਰ ਕੌਰ ਗਰੇਵਾਲ 1999 ਵਿੱਚ ਕੈਨੇਡਾ ਚਲੇ ਗਏ ਸਨ। ਗਰੇਵਾਲ ਹੁਣ ਕੈਨੇਡਾ ਦੀ ਇਕ ਨਾਮੀ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨੀ ਵਜੋਂ ਕਾਰਜਸ਼ੀਲ ਹਨ। ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਭਦੌੜ ਦੇ ਸਰਕਾਰੀ ਸਕੂਲ ਤੋਂ ਕੀਤੀ ਹੈ। ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਵਿਗਿਆਨੀ ਬਣਨ ਵਾਲੇ ਵਿਅਕਤੀਆਂ ਵਿੱਚ ਸ਼ਾਮਲ ਹਨ। ਉਹ ਅਕਸਰ ਪੰਜਾਬ ਆਉਂਦੇ ਰਹਿੰਦੇ ਹਨ।
ਉਹ ਸਸਕੈਟੂਨ ਯੂਨੀਵਰਸਿਟੀ-ਸਦਰਲੈਂਡ ਸੀਟ ਤੋਂ ਐਨਡੀਪੀ ਉਮੀਦਵਾਰ ਵਜੋਂ ਚੋਣ ਜਿੱਤੇ ਹਨ। ਉਨ੍ਹਾਂ ਸਸਕੈਚਵਨ ਦੇ ਵਿਗਿਆਨਕ ਅਤੇ ਸੱਭਿਆਚਾਰਕ ਕਲਾਵਾਂ ‘ਤੇ ਕਾਫੀ ਕੰਮ ਕੀਤਾ ਹੈ। ਉਨ੍ਹਾਂ ਸਸਕੈਚਵਨ ਯੂਨੀਵਰਸਿਟੀ, ਸਸਕੈਚਵਨ ਰਿਸਰਚ ਕੌਂਸਲ ਅਤੇ ਸਸਕੈਚਵਨ ਦੀ ਪੰਜਾਬੀ ਕਲਚਰਲ ਐਸੋਸੀਏਸ਼ਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦਾ ਭਰਾ ਰਜਿੰਦਰ ਭਦੌੜ ਤਰਕਸ਼ੀਲ ਆਗੂ ਵਜੋਂ ਸਰਗਰਮ ਹੈ।