ਬਰਨਾਲਾ (ਖੇਤਰੀ ਪ੍ਰਤੀਨਿਧ): ਟਰਾਈਡੈਂਟ ਉਦਯੋਗ ਸਮੂਹ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਨੂੰ ਕੱਪੜਾ ਉਦਯੋਗ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਬਦਲੇ ਕਾਟਨ ਟੈਕਸਟਾਈਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੁਆਰਾ ਵੱਕਾਰੀ ‘ਵਸਤਰ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਾਟਨ ਟੈਕਸਟਾਈਲ ਐਕਸਪੋਰਟ ਪ੍ਰਮੋਸ਼ਨ ਕੌਂਸਲ (ਟੈਕਸਪ੍ਰੋਸਿਲ) ਵੱਲੋਂ ਉਨ੍ਹਾਂ ਉੱਤਮ ਨਿਰਯਾਤਕਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਨੇ ਵਿਸ਼ਵ ਪੱਧਰੀ ਟੈਕਸਟਾਈਲ ਕੰਪਨੀਆਂ ਬਣਾਈਆਂ ਹਨ ਅਤੇ ਭਾਰਤ ਨੂੰ ਵਿਸ਼ਵ ਕੱਪੜਾ ਨਕਸ਼ੇ ’ਤੇ ਮੋਹਰੀ ਰੱਖਿਆ ਹੈ। ਉਦਯੋਗਪਤੀ ਰਾਜਿੰਦਰ ਗੁਪਤਾ ਨੇ ਟਰਾਈਡੈਂਟ ਗਰੁੱਪ ਨੂੰ 2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਇੱਕ ਗਲੋਬਲ ਟੈਕਸਟਾਈਲ ਸਮੂਹ ਵਜੋਂ ਵਿਕਸਤ ਕੀਤਾ ਹੈ। ਇਸ ਤੋਂ ਇਲਾਵਾ, ਸਿਹਤ ਸੰਭਾਲ ਵਿੱਚ ਉਨ੍ਹਾਂ ਦੀਆਂ ਪਹਿਲਕਦਮੀਆਂ ਵਿੱਚ ਮਲਟੀ-ਸਪੈਸ਼ਲਿਟੀ ਮਧੂਬਨ ਹਸਪਤਾਲ ਦੀ ਸਥਾਪਨਾ ਅਤੇ ਮੈਗਾ ਮੈਡੀਕਲ ਕੈਂਪਾਂ ਦਾ ਆਯੋਜਨ ਸ਼ਾਮਲ ਵੀ ਹੈ। ‘ਵਸਤਰ ਰਤਨ’ ਪੁਰਸਕਾਰ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੀ 70ਵੀਂ ਵਰ੍ਹੇਗੰਢ ਸਮਾਗਮ ਦੇ ਮੁੱਖ ਮਹਿਮਾਨ ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਦੁਆਰਾ ਪ੍ਰਦਾਨ ਕੀਤਾ ਗਿਆ। ਇਸ ਮੌਕੇ ਭਾਰਤ ਦੀ ਟੈਕਸਟਾਈਲ ਕਮਿਸ਼ਨਰ ਰੂਪ ਰਾਸ਼ੀ ਮਹਾਪਾਤਰਾ ਵੀ ਮੌਜੂਦ ਸਨ। ਇਹ ‘ਵਸਤਰ ਰਤਨ’ ਐਵਾਰਡ ਜਿੱਥੇ ਟੈਕਸਟਾਈਲ ਉਦਯੋਗ ਵਿੱਚ ਟਿਕਾਊ ਅਭਿਆਸਾਂ ਨੂੰ ਏਕੀਕ੍ਰਿਤ ਕਰਨ ਵਿੱਚ ਟਰਾਈਡੈਂਟ ਗਰੁੱਪ ਦੀ ਅਗਵਾਈ ਨੂੰ ਰੇਖਾਂਕਿਤ ਕਰਦਾ ਹੈ ਉੱਥੇ ਰਾਜਿੰਦਰ ਗੁਪਤਾ ਦੀ ਦੂਰਦ੍ਰਿਸ਼ਟੀ ਅਤੇ ਸਮਰਪਣ ਨੂੰ ਵੀ ਉਜਾਗਰ ਕਰਦਾ ਹੈ।