ਗੁਰਦਾਸਪੁਰ (ਕੇਪੀ ਸਿੰਘ):
ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਰਾਏਪੁਰ ਦੇ ਬਾਠਾਂ ਵਾਲੇ ਮੋੜ ’ਤੇ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਕਾਰ ਥੱਲੇ ਆਉਣ ਕਾਰਨ ਦਾਦੀ-ਪੋਤੀ ਸਣੇ ਤਿੰਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਧਾ ਸ਼ਰਮਾ ਵਾਸੀ ਪਿੰਡ ਈਸੇਪੁਰ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾ ਸੀ। ਉਹ ਸੜਕ ਪਾਰ ਕਰਨ ਲਈ ਬੱਸ ਅੱਡੇ ਨੇੜੇ ਖੜ੍ਹੀ ਸੀ ਤੇ ਉਸ ਦੇ ਨਾਲ ਹੀ ਕ੍ਰਿਸ਼ਨਾ ਦੇਵੀ ਵਾਸੀ ਪਿੰਡ ਰਾਮਪੁਰ ਆਪਣੀ ਅੱਠ ਸਾਲਾ ਪੋਤਰੀ ਆਰਵੀ ਨਾਲ ਸਕੂਲ ਵੈਨ ਦੀ ਉਡੀਕ ’ਚ ਖੜ੍ਹੀ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਰੇਟਾ ਕਾਰ ਤਿੰਨਾਂ ਨੂੰ ਦਰੜਦੀ ਹੋਈ ਇੱਕ ਦੁਕਾਨ ’ਚ ਜਾ ਵੱਜੀ ਅਤੇ ਪਲਟ ਗਈ। ਹਾਦਸੇ ਵਿੱਚ ਸੁਧਾ ਸ਼ਰਮਾ ਅਤੇ ਕ੍ਰਿਸ਼ਨਾ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਆਰਵੀ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਕਾਰ ਦਾ ਚਾਲਕ ਹਾਦਸੇ ਤੋਂ ਤੁਰੰਤ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।