ਦਵਿੰਦਰ ਸਿੰਘ ਭੰਗੂ
ਰਈਆ, 30 ਅਕਤੂਬਰ
ਇੱਥੇ ਦਰਿਆ ਬਿਆਸ ਦੇ ਕੰਢੇ ਮੰਡ ਇਲਾਕੇ ਵਿੱਚ ਅੱਜ ਪੁਲੀਸ ਮੁਕਾਬਲੇ ’ਚ ਇੱਕ ਗੈਂਗਸਟਰ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਦਰਿਆ ਦੇ ਪਾਣੀ ਵਿੱਚ ਛਾਲ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਜਿਸ ਨੂੰ ਕਾਫੀ ਜੱਦੋ ਜਹਿਦ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।
ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਦੀ ਪਛਾਣ ਗੁਰਸ਼ਰਨ ਸਿੰਘ ਵਾਸੀ ਹਰੀਕੇ (ਲੰਡਾ ਗਰੁੱਪ) ਵਜੋਂ ਹੋਈ ਹੈ। ਡੀਆਈਜੀ (ਬਾਰਡਰ ਰੇਂਜ) ਸਤਿੰਦਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪਿੰਡ ਸਠਿਆਲਾ ਦੇ ਸਾਬਕਾ ਸਰਪੰਚ ਅਤੇ ਆੜ੍ਹਤੀਏ ਗੁਰਦੀਪ ਸਿੰਘ ਉਰਫ਼ ਗੋਖਾ ਦਾ ਕਤਲ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਸਾਥੀ ਸਤਪ੍ਰੀਤ ਸਿੰਘ ਸੱਤਾ ਨੌਸ਼ਹਿਰਾ ਅਤੇ ਉਸ ਦੇ ਸਾਥੀਆਂ ਨੇ ਕੀਤਾ ਸੀ। ਇਸ ਸਬੰਧੀ ਪੁਲੀਸ ਥਾਣਾ ਬਿਆਸ ਵਿੱਚ ਐੱਫਆਈਆਰ ਦਰਜ ਹੈ। ਪੁਲੀਸ ਨੇ ਤਿੰਨ ਮੁਲਜ਼ਮਾਂ ਗੁਰਸ਼ਰਨ ਸਿੰਘ ਵਾਸੀ ਹਰੀਕੇ, ਪ੍ਰਵੀਨ ਸਿੰਘ ਵਾਸੀ ਹਰੀਕੇ ਅਤੇ ਪਾਰਸ (ਸਾਰੇ ਲੰਡਾ ਗਰੁੱਪ) ਨੂੰ ਮਨਾਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਅੱਜ ਸਵੇਰੇ ਮੁਲਜ਼ਮਾਂ ਨੂੰ ਪੁੱਛ ਪੜਤਾਲ ਲਈ ਥਾਣਾ ਬਿਆਸ ਲਿਆਂਦਾ ਗਿਆ ਸੀ।
ਪੁਲੀਸ ਨੇ ਪੁੱਛ-ਪੜਤਾਲ ਦੌਰਾਨ ਗੈਂਗਸਟਰ ਗੁਰਸ਼ਰਨ ਅਤੇ ਪਾਰਸ ਨੂੰ ਉਸ ਜਗ੍ਹਾ ਲਿਆਂਦਾ ਜਿੱਥੇ ਹਥਿਆਰ ਛੁਪਾਏ ਹੋਏ ਸਨ। ਦਰਿਆ ਬਿਆਸ ਮੰਡ ਖੇਤਰ ਵਿੱਚ ਸੰਘਣੇ ਘਾਹ ’ਚ ਦੋਵੇਂ ਗੈਂਗਸਟਰਾਂ ਨੇ ਅਚਾਨਕ ਪੁਲੀਸ ਮਲਾਜ਼ਮਾਂ ਨੂੰ ਧੱਕਾ ਮਾਰ ਕੇ ਪਿੱਛੇ ਸੁੱਟ ਦਿੱਤਾ ਤੇ ਹਥਿਆਰ ਚੁੱਕ ਕੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲੀਸ ਪਾਰਟੀ ਨੇ ਜਵਾਬੀ ਕਾਰਵਾਈ ਕੀਤੀ। ਗੋਲੀ ਲੱਗਣ ਕਾਰਨ ਗੁਰਸ਼ਰਨ ਸਿੰਘ ਹਰੀਕੇ ਦੀ ਮੌਤ ਹੋ ਗਈ ਜਦਕਿ ਦੂਜਾ ਗੈਂਗਸਟਰ ਮੰਡ ਖੇਤਰ ਦੇ ਦਰਿਆ ਦੇ ਪਾਣੀ ’ਚ ਛਾਲ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਨੂੰ ਕਾਫੀ ਜੱਦੋ ਜਹਿਦ ਤੋਂ ਬਾਅਦ ਪੁਲੀਸ ਵੱਲੋਂ ਪਿੰਡ ਭਲੋਜਲਾ ਨੇੜੇ ਮੰਡ ਖੇਤਰ ਵਿੱਚੋਂ ਕਾਬੂ ਕਰ ਲਿਆ। ਗੁਰਸ਼ਰਨ ਸਿੰਘ ਕੋਲੋਂ ਇੱਕ ਗਲੌਕ, ਪਿਸਤੌਲ ਅਤੇ ਰੌਂਦ ਬਰਾਮਦ ਕੀਤੇ ਗਏ।
ਤੀਜਾ ਸਾਥੀ ਪੁਲੀਸ ਹਿਰਾਸਤ ’ਚ: ਡੀਆਈਜੀ
ਡੀਆਈਜੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਤੀਜਾ ਸਾਥੀ ਪ੍ਰਵੀਨ ਸਿੰਘ ਪੁਲੀਸ ਹਿਰਾਸਤ ਵਿੱਚ ਹੈ। ਉਨ੍ਹਾਂ ਦੱਸਿਆ ਕਿ ਲਖਬੀਰ ਸਿੰਘ ਲੰਡਾ ਹਰੀਕੇ ਅਤਿਵਾਦੀ ਗਤੀਵਿਧੀਆਂ, ਕਤਲ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਸੱਤਾ ਨੌਸ਼ਹਿਰਾ ਲੰਡਾ ਨਾਲ ਕਈ ਕਤਲ ਕੇਸਾਂ ਵਿੱਚ ਜੁੜਿਆ ਰਿਹਾ ਹੈ।