ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 30 ਅਕਤੂਬਰ
ਜ਼ਿਲਾ ਪੁਲੀਸ ਕਪਤਾਨ ਆਸਥਾ ਮੋਦੀ ਦੇ ਦਿਸ਼ਾ ਨਿਰਦੇਸ਼ ਤੇ ਸ਼ਹਿਰ ਦੇ ਪ੍ਰਮੁੱਖ ਭੀੜ ਭਾੜ ਵਾਲੇ ਖੇਤਰ ਭਗਤ ਸਿੰਘ ਚੌਕ ਨੇੜੇ ਆਮ ਲੋਕਾਂ ਦੀ ਸਹੂਲਤ ਲਈ ਪੁਲੀਸ ਦੀ ਚੈਕ ਪੋਸਟ ਸਥਾਪਿਤ ਕੀਤੀ ਜਾ ਰਹੀ ਹੈ। ਇਸ ਚੈੱਕ ਪੋਸਟ ’ਤੇ ਟਰੈਫਿਕ ਪੁਲੀਸ ਟੀਮ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਪੁਲੀਸ ਕਰਮਚਾਰੀਆਂ ਦੀ ਤਾਇਨਾਤੀ ਹੋਵੇਗੀ, ਜੋ ਨਾ ਕੇਵਲ ਟਰੈਫਿਕ ਦੀ ਵਿਵਸਥਾ ਨੂੰ ਠੀਕ ਕਰਨ ਵਿਚ ਹਮੇਸ਼ਾ ਤੱਤਪਰ ਰਹਿਣਗੇ, ਬਲਕਿ ਅਪਰਾਧਿਕ ਘਟਨਾਵਾਂ ਅਤੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਵੀ ਹਮੇਸ਼ਾ ਚੌਕਸ ਰਹਿਣਗੇ। ਹਾਲਾਂਕਿ ਮਾਡਲ ਟਾਊਨ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਪਹਿਲਾਂ ਤੋਂ ਹੀ ਮਦਰ ਇੰਡੀਆ ਸਕੂਲ ਨੇੜੇ ਸਥਾਪਿਤ ਕੀਤੇ ਗਏ ਨਵੇਂ ਅਗਰਸੈਨ ਚੌਕ ’ਤੇ ਵੀ ਪੁਲੀਸ ਵਿਭਾਗ ਨੇ ਚੈੱਕ ਪੋਸਟ ਬਣਾਈ ਹੋਈ ਹੈ। ਅਤੇ ਇੱਥੇ ਹਮੇਸ਼ਾ ਹੀ ਪੁਲੀਸ ਸਹਾਇਤਾ 112 ਦੀ ਟੀਮ ਤੋਂ ਇਲਾਵਾ ਹੋਰ ਪੁਲਸ ਕਰਮਚਾਰੀ ਤਾਇਨਾਤ ਰਹਿੰਦੇ ਹਨ। ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਨਵੇਂ ਸਥਾਪਿਤ ਕੀਤੀ ਜਾ ਰਹੀ ਚੈੱਕ ਪੋਸਟ ਦੇ ਸਬੰਧ ਵਿਚ ਦੱਸਿਆ ਕਿ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਨਾਲ ਨਾਲ ਆਮ ਲੋਕਾਂ ਨੂੰ ਵਿਸ਼ੇਸ਼ ਸਹੂਲਤ ਦੇਣ ਲਈ ਹੀ ਪੁਲੀਸ ਕਪਤਾਨ ਦੇ ਹੁਕਮਾਂ ’ਤੇ ਭਗਤ ਸਿੰਘ ਚੌਕ ਨੇੜੇ ਮੰਡੀ ਮੋੜ ’ਤੇ ਨਵੀਂ ਚੈੱਕ ਪੋਸਟ ਬਣਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਬੰਧਤ ਚੌਕ ਸ਼ਹਿਰ ਦਾ ਪ੍ਰਮੁੱਖ ਸੰਗਮ ਚੌਕ ਹੈ ਅਤੇ ਇਸ ਚੌਕ ’ਤੇ ਹਮੇਸ਼ਾ ਭੀੜ ਰਹਿਣ ਦੇ ਨਾਲ ਨਾਲ ਜਾਮ ਦੀ ਵੀ ਸਥਿਤੀ ਬਣੀ ਰਹਿੰਦੀ ਹੈ। ਉਨ੍ਹਾਂ ਭਗਤ ਸਿੰਘ ਚੌਕ ਅਤੇ ਮੰਡੀ ਮੋੜ ’ਤੇ ਰੇਹੜੀ ਲਗਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮਾਰਗ ’ਤੇ ਰਸਤਾ ਨਾ ਰੋਕਣ।