ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਅਕਤੂਬਰ
ਇਥੇ ਅੱਜ ਸਵੇਰੇ ਕੌਮੀ ਰਾਜਧਾਨੀ ਨੂੰ ਧੂੰਏਂ ਦੀ ਪਤਲੀ ਪਰਤ ਨੇ ਘੇਰ ਲਿਆ ਅਤੇ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਦਿੱਲੀ ਦੇ ਕਈ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 300 ਸੀ। 300 ਦੇ ਏਕਿਊਆਈ ਨਾਲ ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਹੋਣ ਕਰਕੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਨਾਲ ਵਾਤਾਵਰਨ ਹੋਰ ਵੀ ਪ੍ਰਦੂਸ਼ਿਤ ਹੋਵੇਗਾ।
ਮਯੂਰ ਵਿਹਾਰ ਵਿੱਚ ਏਕਿਊਆਈ 360, ਬਵਾਨਾ 316, ਅਸ਼ੋਕ ਵਿਹਾਰ 349 ਅਤੇ ਵਾਜ਼ੀਦਪੁਰ 338 ਸੀ ਇਹ ਸਭ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਹਨ। ਆਰਕੇ ਪੁਰਮ ਵਿੱਚ ਏਕਿਊਆਈ 286, ਆਈਟੀਓ 297, ਦਵਾਰਕਾ ਸੈਕਟਰ 8 ਵਿੱਚ 279 ਅਤੇ ਆਈਜੀਆਈ ਏਅਰਪੋਰਟ 272 ਦਾ ਏਕਿਊਆਈ ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ‘ਮਾੜੀ’ ਹਵਾ ਵਿੱਚ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ’ਤੇ ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਦਾ ਕਾਰਨ ਬਣ ਸਕਦੀ ਹੈ, ਜਦੋਂ ਕਿ ‘ਬਹੁਤ ਮਾੜੀ’ ਏਕਿਊਆਈ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ‘ਤੇ ਸਾਹ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਖੇਤਰੀ ਮੌਸਮ ਵਿਗਿਆਨ ਕੇਂਦਰ ਅਨੁਸਾਰ ਕੌਮੀ ਰਾਜਧਾਨੀ ਵਿੱਚ 30 ਅਕਤੂਬਰ ਨੂੰ ਮੁੱਖ ਤੌਰ ’ਤੇ ਆਸਮਾਨ ਸਾਫ ਰਿਹਾ। ਰਾਸ਼ਟਰੀ ਰਾਜਧਾਨੀ ਵਿੱਚ ਬੁੱਧਵਾਰ ਨੂੰ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਦਾ ਪੂਰਵ ਅਨੁਮਾਨ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 20.3 ਡਿਗਰੀ ਸੈਲਸੀਅਸ ਅਤੇ 35.8 ਡਿਗਰੀ ਸੈਲਸੀਅਸ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਨਮੀ 94 ਫ਼ੀਸਦ ਦਰਜ ਕੀਤੀ ਗਈ, ਜਦੋਂਕਿ ਘੱਟੋ-ਘੱਟ ਨਮੀ 49 ਫ਼ੀਸਦ ਰਹੀ। ਕੇਂਦਰ ਦੇ ਅਧਿਕਾਰੀ ਨੇ ਦੀਵਾਲੀ ਦੌਰਾਨ ਰਾਜਧਾਨੀ ਵਿੱਚ ਪ੍ਰਦੂਸ਼ਣ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸ ਦੌਰਾਨ ਵਾਤਾਵਰਨ ਪ੍ਰੇਮੀਆਂ ਨੇ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਹੈ
ਦੀਵਾਲੀ ਦੇ ਮੱਦੇਨਜ਼ਰ 19 ਹਜ਼ਾਰ ਕਿੱਲੋਗ੍ਰਾਮ ਪਟਾਕੇ ਜ਼ਬਤ
ਇਸ ਦੌਰਾਨ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਦੇ ਦਫ਼ਤਰ ਅਨੁਸਾਰ ਪਟਾਕਿਆਂ ਦੀ ਵਿਕਰੀ ਅਤੇ ਸਟੋਰੇਜ ਨਾਲ ਸਬੰਧਤ 79 ਕੇਸ ਦਰਜ ਕੀਤੇ ਗਏ ਹਨ, ਜਦਕਿ 19,005 ਕਿਲੋਗ੍ਰਾਮ ਪਟਾਕੇ ਵੀ ਜ਼ਬਤ ਕੀਤੇ ਗਏ ਹਨ। ਮਾਲ ਵਿਭਾਗ ਦੀਆਂ 77 ਟੀਮਾਂ ਅਤੇ ਦਿੱਲੀ ਪੁਲੀਸ ਦੀਆਂ 300 ਟੀਮਾਂ ਨੂੰ ਕੌਮੀ ਰਾਜਧਾਨੀ ਵਿੱਚ ਲਾਮਬੰਦ ਕੀਤਾ ਗਿਆ ਹੈ। ਪ੍ਰਸ਼ਾਸਨ ਪਟਾਕਿਆਂ ਦੀ ਪਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸਰਗਰਮ ਹੈ।