ਪੱਤਰ ਪ੍ਰੇਰਕ
ਜਲੰਧਰ, 30 ਅਕਤੂਬਰ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ-ਗ੍ਰੈਜੂਏਟ ਪੋਲੀਟੀਕਲ ਸਾਇੰਸ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਅਤੇ ਚੈਰੀਟੇਬਲ ਸੁਸਾਇਟੀ ਬੁਢਿਆਣਾ ਦਾ ਦੌਰਾ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਆਸ਼ਰਮ ਵਿਚ ਜੀਵਨ ਬਤੀਤ ਕਰ ਰਹੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਜੀਵਨ ਜਾਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਤਰ੍ਹਾਂ ਦੇ ਯਤਨਾਂ ਨੂੰ ਸ਼ਲਾਘਾਯੋਗ ਕਦਮ ਦੱਸਿਆ ਅਤੇ ਵਿਦਿਆਰਥੀਆਂ ਨੂੰ ਜੀਵਨ ਦੇ ਇਨ੍ਹਾਂ ਵਿਸ਼ੇਸ਼ ਪੱਖਾਂ ਨੂੰ ਡੂੰਘਾਈ ਨਾਲ ਸਮਝਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਅਨਾਥ ਆਸ਼ਰਮ ਲਈ ਦੀਵਾਲੀ ਮੌਕੇ ਰਸਦ-ਪਾਣੀ ਦਾ ਸਾਮਾਨ ਭੇਜਿਆ। ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵਿੱਚ ਸਮਾਜਕ, ਸਦਾਚਾਰਕ ਤੇ ਨੈਤਿਕ ਕਦਰਾਂ ਕੀਮਤਾਂ ਭਰਨ ਲਈ ਅਜਿਹੀਆਂ ਸੇਵਾਵਾਂ ਬਹੁਤ ਮਹੱਤਵਪੂਰਨ ਹਨ। ਇਸ ਮੌਕੇ ਪ੍ਰੋ. ਜਸਰੀਨ ਕੌਰ ਵਾਈਸ ਪ੍ਰਿੰਸੀਪਲ ਤੋਂ ਇਲਾਵਾ ਪ੍ਰੋ. ਅਨੂ ਕੁਮਾਰੀ, ਮੁਖੀ ਪੋਲੀਟੀਕਲ ਸਾਇੰਸ ਵਿਭਾਗ, ਡਾ. ਅਜੀਤਪਸਲ ਸਿੰਘ, ਪ੍ਰੋ. ਸੰਜੇ ਸ਼ਾਦ ਅਤੇ ਪ੍ਰੋ. ਲਿਵਪ੍ਰੀਤ ਵੀ ਮੌਜੂਦ ਸਨ।