ਧਿਆਨ ਸਿੰਘ ਭਗਤ
ਕਪੂਰਥਲਾ, 30 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਦਾ 11 ਤੋਂ 3 ਵਜੇ ਤੱਕ ਘਿਰਾਓ ਕੀਤਾ ਗਿਆ। ਇਸ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਭੁੱਲਰ, ਰਘਬੀਰ ਸਿੰਘ ਮੈਹਰਵਾਲਾ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਕਟਿੰਗ ਪ੍ਰਧਾਨ ਕੁਲਹਿੰਦ ਕਿਸਾਨ ਸਭਾ ਅਮਰਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੋਂ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਧਰਮਿੰਦਰ ਸਿੰਘ, ਪੰਜਾਬ ਕਿਸਾਨ ਸਭਾ ਬਲਦੇਵ ਸਿੰਘ, ਆਲ ਇੰਡੀਆ ਕਿਸਾਨ ਸਭਾ ਤਰਲੋਕ ਸਿੰਘ ਭਬਿਆਣਾ, ਮੁਕੰਦ ਸਿੰਘ ਭੁਲਾਣਾ, ਤਰਸੇਮ ਸਿੰਘ ਬੰਨੇਮਲ, ਮਾਸਟਰ ਚਰਨ ਸਿੰਘ ਨੇ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਝੋਨੇ ਦੀ ਖਰੀਦ ਵਿੱਚ ਹੁੰਦੀ ਲੁੱਟ ਅਤੇ ਐਮਐਸਪੀ ਤੋਂ ਘੱਟ ’ਤੇ ਝੋਨਾ ਖ਼ਰੀਦਣ ਕਾਰਨ ਅਫ਼ਸਰਸ਼ਾਹੀ ਦੀ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਚੁਕਾਈ ਦੇ ਮਾਮਲੇ ਨੂੰ ਜਾਣ-ਬੁੱਝ ਕੇ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ ਤੇ ਪੰਜਾਬ ਦੀ ਬਦਲਾਅ ਵਾਲੀ ਸਰਕਾਰ ਕਿਸਾਨਾਂ ਦੀ ਹੁੰਦੀ ਲੁੱਟ ਨੂੰ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਡੀਏਪੀ ਖਾਦ ਦੀ ਵੀ ਕਿੱਲਤ ਹੈ ਪ੍ਰਾਈਵੇਟ ਅਦਾਰਿਆਂ ਵੱਲੋਂ ਕਿਸਾਨਾਂ ਦੀ ਵਾਧੂ ਸਾਮਾਨ ਵੇਚ ਕੇ ਲੁੱਟ ਕੀਤੀ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚੋਂ ਕਿਸਾਨਾਂ ਦੀ ਫ਼ਸਲ ਵਾਜ਼ਬ ਭਾਅ ’ਤੇ ਤੁਰੰਤ ਖ਼ਰੀਦੀ ਜਾਵੇ।
ਚੱਕ ਬਾਹਮਣੀਆਂ ਦਾ ਟੌਲ 14ਵੇਂ ਦਿਨ ਵੀ ਪਰਚੀ ਮੁਕਤ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ):
ਬੀਕੇਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਵੱਲੋਂ ਚੱਕ ਬਾਹਮਣੀਆਂ ਦੇ ਟੌਲ ਉੱਪਰ ਲਗਾਇਆ ਧਰਨਾ 14ਵੇਂ ਦਿਨ ’ਚ ਦਾਖ਼ਲ ਹੋ ਗਿਆ। ਧਰਨੇ ਦੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਨੇ ਟੌਲ ਨੂੰ ਪਰਚੀ ਮੁਕਤ ਕੀਤਾ ਹੋਇਆ ਹੈ ਜੋ ਅੱਜ ਤੱਕ ਜਾਰੀ ਹੈ। ਸੰਬੋਧਨ ਕਰਦਿਆ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਇਕ ਦੂਜੇ ਉੱਪਰ ਦੂਸ਼ਣਬਾਜ਼ੀ ਕਰਨ ਦੀ ਬਜਾਇ ਝੋਨੇ ਦੀ ਖ਼ਰੀਦ ਅਤੇ ਚੁਕਾਈ ਕਰਨ ਦੇ ਸੁਚੱਜੇ ਪ੍ਰਬੰਧ ਕਰਨ ਵੱਲ ਉਚੇਚੇ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਅਵੇਸਲੇਪਣ ਕਰ ਕੇ ਕਿਸਾਨ ਮੰਡੀਆਂ ਵਿਚ ਰੁਲ ਰਿਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਮਸਲਿਆਂ ਦੇ ਹੱਲ ਨਾ ਹੋਣ ਤੱਕ ਮੋਰਚਾ ਜਾਰੀ ਰਹੇਗਾ। ਇਸ ਮੌਕੇ ਬਲਕਾਰ ਸਿੰਘ, ਮਨਜੀਤ ਸਿੰਘ ਸਾਬੀ, ਜਸਪਾਲ ਸਿੰਘ ਸੰਢਾਂਵਾਲ, ਨਿਰਮਲ ਸਿੰਘ ਖਾਲਸਾ, ਗੁਰਮੁਖ ਸਿੰਘ ਸਿੱਧੂ, ਮਨਪ੍ਰੀਤ ਸਿੰਘ, ਜਸਪਾਲ ਸਿੰਘ, ਸੰਤੋਖ ਸਿੰਘ, ਕਰਨੈਲ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਜੀਵਨ ਸਿੰਘ ਅਤੇ ਅਮਰਜੀਤ ਸਿੰਘ ਹਾਜ਼ਰ ਸਨ।
ਕਿਸਾਨਾਂ ਵੱਲੋਂ ਝੋਨਾ ਐੱਮਐੱਸਪੀ ਤੋਂ ਹੇਠਾਂ ਵਿਕਣ ਦੇ ਦੋਸ਼
ਰਈਆ (ਦਵਿੰਦਰ ਸਿੰਘ ਭੰਗੂ):
ਸਥਾਨਕ ਅਨਾਜ ਮੰਡੀ ਵਿੱਚ ਸ਼ੈਲਰ ਮਾਲਕਾਂ ਅਤੇ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ 17 ਫ਼ੀਸਦੀ ਨਮੀ ਵਾਲਾ ਝੋਨਾ ਸਰਕਾਰੀ ਕੀਮਤ ਤੋਂ ਕਿਤੇ ਘੱਟ ਕੀਮਤ ’ਤੇ ਵਿਕਣ ਕਾਰਨ ਕਿਸਾਨਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਪਰ ਸਰਕਾਰੀ ਉੱਚ ਅਧਿਕਾਰੀਆਂ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨਾਲ ਫੋਨ ’ਤੇ ਸੰਪਰਕ ਕਰਨ ਤੇ ਉਨ੍ਹਾਂ ਇਸ ਸਬੰਧੀ ਆਪਣਾ ਕੋਈ ਵੀ ਪੱਖ ਸਪਸ਼ਟ ਨਹੀਂ ਕੀਤਾ। ਜਾਣਕਾਰੀ ਅਨੁਸਾਰ ਸਥਾਨਕ ਅਨਾਜ ਮੰਡੀ ਵਿਚ ਝੋਨੇ ਦੀ ਭਾਰੀ ਆਮਦ ਹੋ ਰਹੀ ਹੈ ਪਰ ਸਰਕਾਰੀ ਖ਼ਰੀਦ ਏਜੰਸੀਆਂ ਅਤੇ ਸ਼ੈੱਲਰ ਮਾਲਕਾਂ ਦੀ ਕਥਿਤ ਮਿਲੀਭੁਗਤ ਕਰ ਕੇ ਕਿਸਾਨਾਂ ਨੂੰ 17 ਫ਼ੀਸਦੀ ਨਮੀ ਵਾਲਾ ਝੋਨਾ 1700 ਤੋਂ ਲੈ ਕੇ 2100 ਰੁਪਏ ਪ੍ਰਤੀ ਕੁਇੰਟਲ ਤੱਕ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ, ਕੇਂਦਰ ਸਰਕਾਰ ਵੱਲੋਂ ਐੱਮਐੱਸਪੀ 2320 ਪ੍ਰਤੀ ਕੁਵਿੰਟਲ ਨਿਸ਼ਚਿਤ ਕੀਤੀ ਗਈ ਹੈ। ਇਸ ਕਾਰਨ ਕਿਸਾਨ ਨੂੰ ਪ੍ਰਤੀ ਕੁਇੰਟਲ 400 ਰੁਪਏ ਘਾਟਾ ਪੈ ਰਿਹਾ ਹੈ। ਇਸ ਸਬੰਧੀ ਮਾਰਕੀਟ ਕਮੇਟੀ ਰਈਆ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 3,10,000 ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਜਿਸ ਵਿੱਚੋਂ ਸਿਰਫ਼ ਦਸ ਹਜ਼ਾਰ ਕੁਇੰਟਲ ਝੋਨਾ ਹੀ ਸਹੀ ਕੀਮਤ ’ਤੇ ਵਿਕਿਆ ਹੋਵੇਗਾ। ਬਾਕੀ ਸਾਰਾ ਸ਼ੈੱਲਰ ਮਾਲਕਾਂ ਅਤੇ ਖ਼ਰੀਦ ਏਜੰਸੀਆਂ ਦੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘੱਟ ਭਾਅ ’ਤੇ ਖ਼ਰੀਦ ਕੇ ‘ਆਪ’ ਸਰਕਾਰ ਨੂੰ ਪੂਰੇ ਭਾਅ ’ਤੇ ਵੇਚਿਆ ਗਿਆ ਹੈ। ਇਸ ਸਬੰਧੀ ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀ ਗਈ ਹੈ।