* ਸਬਸਿਡੀਆਂ ’ਚ ਕਟੌਤੀ ਕਰਨ ਦੇ ਹੱਕ ’ਚ ਨਹੀਂ ਮੁੱਖ ਸਲਾਹਕਾਰ
* ਵੱਖ ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ
* ਸੂਬੇ ਸਿਰ ਵਧ ਰਹੇ ਕਰਜ਼ੇ ਬਾਰੇ ਵੀ ਕੀਤੀ ਚਰਚਾ
ਚਰਨਜੀਤ ਭੁੱਲਰ
ਚੰਡੀਗੜ੍ਹ, 1 ਨਵੰਬਰ
ਅਰਬਿੰਦ ਮੋਦੀ ਜਿਨ੍ਹਾਂ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਮੁੱਖ ਸਲਾਹਕਾਰ (ਵਿੱਤੀ ਮਾਮਲੇ) ਵਜੋਂ ਜ਼ਿੰਮੇਵਾਰੀ ਸੌਂਪੀ ਹੈ, ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਭਵਨ ’ਚ ਦੂਜੀ ਮੀਟਿੰਗ ਕੀਤੀ, ਜਿਸ ਵਿਚ ਆਬਕਾਰੀ ਮਹਿਕਮੇ, ਵਿੱਤ ਵਿਭਾਗ ਤੇ ਪੰਜਾਬ ਵਿਕਾਸ ਕਮਿਸ਼ਨ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਅਰਬਿੰਦ ਮੋਦੀ ਨੇ ਕਿਹਾ ਕਿ ਉਹ ਕਲਿਆਣਕਾਰੀ ਰਾਜ ’ਚ ਦਿੱਤੀਆਂ ਜਾਂਦੀਆਂ ਸਬਸਿਡੀਆਂ ਵਿਚ ਕਟੌਤੀ ਕਰਨ ਦੇ ਹੱਕ ਵਿਚ ਨਹੀਂ ਹਨ ਬਲਕਿ ਉਹ ਚਾਹੁੰਦੇ ਹਨ ਕਿ ਟੈਕਸ ਵਸੂਲੀ ਵਿਚਲੀਆਂ ਚੋਰ ਮੋਰੀਆਂ ਬੰਦ ਕਰਕੇ ਸੂਬੇ ਲਈ ਮਾਲੀਆ ਵਧਾਉਣ ਲਈ ਨਵੇਂ ਰਾਹ ਲੱਭੇ ਜਾਣ। ਅਰਬਿੰਦ ਮੋਦੀ ਨੇ ਆਬਕਾਰੀ ਮਹਿਕਮੇ ਦੇ ਉੱਚ ਅਫ਼ਸਰਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ। ਅਰਬਿੰਦ ਮੋਦੀ ਨੇ ਮੀਟਿੰਗ ਵਿਚ ਸੂਬੇ ਸਿਰ ਵੱਧ ਰਹੇ ਕਰਜ਼ੇ ਬਾਰੇ ਵੀ ਚਰਚਾ ਕੀਤੀ, ਜੋ ਅਪਰੈਲ-ਸਤੰਬਰ ਦੌਰਾਨ 21,119 ਕਰੋੜ ਰੁਪਏ ਰਿਹਾ ਹੈ। ਇਸੇ ਤਰ੍ਹਾਂ ਲੋਕ ਭਲਾਈ ਸਕੀਮਾਂ ਵਿਚਲੀਆਂ ਖਾਮੀਆਂ ਦੂਰ ਕਰਨ ਬਾਰੇ ਵੀ ਚਰਚਾ ਕੀਤੀ ਗਈ।
ਪੰਜਾਬ ਸਰਕਾਰ ਦਾ ਸਾਲ 2024-25 ਲਈ 80,941.48 ਕਰੋੜ ਰੁਪਏ ਦੀਆਂ ਮਾਲੀਆ ਪ੍ਰਾਪਤੀਆਂ ਦਾ ਟੀਚਾ ਸੀ ਜਿਸ ਦੇ ਮੁਕਾਬਲੇ ਮਾਲੀਆ ਪ੍ਰਾਪਤੀਆਂ 40.13 ਫ਼ੀਸਦੀ ਰਹੀਆਂ ਹਨ ਅਤੇ ਇਸੇ ਤਰ੍ਹਾਂ ਗੈਰ ਟੈਕਸ ਮਾਲੀਆ ਵਸੂਲੀ ਵੀ ਤਸੱਲੀ ਵਾਲੀ ਨਹੀਂ ਰਹੀ ਹੈ। ਛੇ ਮਹੀਨਿਆਂ ਵਿੱਚ 11,246 ਕਰੋੜ ਰੁਪਏ ਦਾ ਗੈਰ ਟੈਕਸ ਮਾਲੀਆ ਪ੍ਰਾਪਤੀ ਦਾ ਟੀਚਾ ਸੀ ਪਰ ਟੀਚੇ ਮੁਕਾਬਲੇ ਇਹ ਵਸੂਲੀ 24.37 ਫ਼ੀਸਦੀ ਰਹੀ ਹੈ। ਲੈਂਡ ਰੈਵੇਨਿਊ ਤੋਂ ਕਮਾਈ 53 ਕਰੋੜ ਰੁਪਏ ਘੱਟ ਰਹੀ ਹੈ। ਸੂਬਾ ਸਰਕਾਰ ਦੇ ਪਹਿਲੇ ਛੇ ਮਹੀਨਿਆਂ ਦੇ ਪੂੰਜੀਗਤ ਖ਼ਰਚੇ 2754.19 ਕਰੋੜ ਰੁਪਏ ਰਹੇ ਹਨ। ਮੁੱਖ ਸਲਾਹਕਾਰ ਅਰਬਿੰਦ ਮੋਦੀ ਨੇ ਆਪਣੀ ਪਹਿਲੀ ਮੀਟਿੰਗ ਵਿਚ ਕਈ ਤਰ੍ਹਾਂ ਟੈਕਸ ਲਗਾਏ ਜਾਣ ਦੀ ਪੈਰਵੀ ਕੀਤੀ ਸੀ।