ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 1 ਨਵੰਬਰ
ਪਿੰਡ ਕੰਨੀਆਂ ਕਲਾਂ ਵਿੱਚ ਪਲਾਸਟਿਕ ਦੀਆਂ ਰੱਸੀਆਂ ਬਣਾਉਣ ਲਈ ਉਸਾਰੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਇਲਾਕਾ ਵਾਸੀਆਂ ਵੱਲੋਂ ਫੈਕਟਰੀ ਅੱਗੇ ਲਗਾਇਆ ਦਿਨ/ਰਾਤ ਦਾ ਧਰਨਾ 10 ਵੇਂ ਦਿਨ ਵਿਚ ਦਾਖਲ ਹੋ ਗਿਆ। ਦੱਸਣਯੋਗ ਹੈ ਕਿ ਇਲਾਕੇ ਦੇ ਪੌਣੀ ਦਰਜ਼ਨ ਪਿੰਡਾਂ ਦੇ ਲੋਕ ਸਵੇਰ, ਦੁਪਹਿਰ ਅਤੇ ਰਾਤ ਦੀਆਂ ਸ਼ਿਫਟਾਂ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਹਨ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪਲਾਸਟਿਕ ਨਾਲ ਸਬੰਧਿਤ ਸਾਮਾਨ ਬਣਾਉਣ ਲਈ ਲਗਾਈ ਫੈਕਟਰੀ ਬੋਰਾਂ ਰਾਹੀਂ ਫੈਕਟਰੀ ਦੇ ਗੰਦੇ ਪਾਣੀ ਨੂੰ ਸਿੱਧਾ ਧਰਤੀ ਵਿੱਚ ਪਾ ਕੇ ਇਲਾਕੇ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਦੇਣਾ ਚਾਹੁੰਦੀ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਇਲਾਕਾ ਵਾਸੀ ਸਮੇਂ ਸਿਰ ਜਾਗ ਪਏ ਹਨ। ਉਹ ਕਿਸੇ ਵੀ ਕੀਮਤ ’ਤੇ ਇਲਾਕੇ ਦੇ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਹੋਣ ਦੇਣਗੇ, ਇਸ ਦੇ ਲਈ ਉਨ੍ਹਾਂ ਨੂੰ ਜਿੰਨਾ ਮਰਜ਼ੀ ਚਿਰ ਸੰਘਰਸ਼ ਕਿਉਂ ਨਾ ਕਰਨਾ ਪਵੇ ਉਹ ਸੰਘਰਸ਼ ’ਤੇ ਅੜੇ ਰਹਿਣਗੇ। ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਹ ਸੰਘਰਸ਼ ਦੇ ਨਾਲ-ਨਾਲ ਕਾਨੂੰਨੀ ਲੜਾਈ ਵੀ ਲੜਨਗੇ। ਉਨ੍ਹਾਂ ਕਿਹਾ ਕਿ ਫੈਕਟਰੀ ਬੰਦ ਕਰਵਾਉਣ ਨਾਲ ਹੀ ਉਨ੍ਹਾਂ ਦਾ ਧਰਨਾ ਖਤਮ ਹੋਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਾਜਿੰਦਰ ਸਿੰਘ ਨੰਗਲ ਅੰਬੀਆਂ ਤੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ, ਕੰਨੀਆਂ ਕਲਾਂ ਦੇ ਸਰਪੰਚ ਰਾਜਿੰਦਰ ਸਿੰਘ ਸ਼ੇਰਾ, ਨੰਗਲ ਅੰਬੀਆਂ ਖੁਰਦ ਦੇ ਸਰਪੰਚ ਸੁਖਦੇਵ ਸਿੰਘ ਅਤੇ ਰਵੇਲ ਸਿੰਘ ਨੇ ਸੰਬੋਧਨ ਕੀਤਾ। ਸਮੂੰਹ ਬੁਲਾਰਿਆਂ ਨੇ ਦੋਸ਼ ਲਾਇਆ ਕਿ ਫੈਕਟਰੀ ਮਾਲਕਾਂ ਵੱਲੋਂ ਫੈਕਟਰੀ ਦੇ ਕੈਮੀਕਲਜ਼ ਵਾਲੇ ਪਾਣੀ ਧਰਤੀ ਵਿੱਚ ਸਿੱਧਾ ਪਾਉਣ ਲਈ ਸਬੰਧਤ ਵਿਭਾਗ ਦੀ ਮਿਲੀਭੁਗਤ ਨਾਲ ਹੀ ਬੋਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿ ਉਹ ਕਿਸੇ ਵੀ ਕੀਮਤ ’ਤੇ ਇਲਾਕੇ ਦੇ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਹੋਣ ਦੇਣਗੇ।
ਐੱਸਡੀਐੱਮ ਨੇ ਡੀਸੀ ਨੂੰ ਰਿਪੋਰਟ ਭੇਜੀ
ਸ਼ਾਹਕੋਟ (ਪੱਤਰ ਪ੍ਰੇਰਕ): ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਨੇ ਕੰਨੀਆਂ ਕਲਾਂ ਵਿੱਚ ਮੈਸ.ਏ.ਐਮ.ਡੀ ਇੰਟਰਨੈਸ਼ਨਲ ਫੈਕਟਰੀ ਨੂੰ ਬੰਦ ਕਰਨ ਦੀ ਡੀਸੀ ਜਲੰਧਰ ਨੂੰ ਰਿਪੋਰਟ ਭੇਜੀ ਹੈ। ਡੀਸੀ ਜਲੰਧਰ ਨੂੰ ਭੇਜੀ ਗਈ ਰਿਪੋਰਟ ਵਿੱਚ ਐੱਸਡੀਐੱਮ ਨੇ ਦੱਸਿਆ ਕਿ ਰਿਪੋਰਟ ਮੁਤਾਬਕ ਫੈਕਟਰੀ ਵਿੱਚ ਕੁਲ 6 ਬੋਰ ਕੀਤੇ ਗਏ ਹਨ। ਰਿਪੋਰਟ ਵਿੱਚ ਦੱਸਿਆ ਗਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਦਿਤੀ ਗਈ ਰਿਪੋਰਟ ਮੁਤਾਬਕ ਫੈਕਟਰੀ ਵੱਲੋਂ 1 ਬੋਰ ਦੀ ਗਲਤ ਵਰਤੋਂ ਕੀਤੇ ਜਾਣ ਨਾਲ ਇਲਾਕੇ ਦਾ ਧਰਤੀ ਵਿਚਲਾ ਪਾਣੀ ਨਾ ਪੀਣਯੋਗ ਅਤੇ ਨਾ ਖੇਤੀਬਾੜੀ ਕਰਨ ਦੇ ਯੋਗ ਰਹੇਗਾ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉਕਤ ਉਦਯੋਗ ਨੂੰ ਬੰਦ ਕਰਨ ਲਈ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਨੇ ਕਾਰਵਾਈ ਆਰੰਭ ਕੀਤੀ ਹੋਈ ਹੈ।