ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਨਵੰਬਰ
ਦੀਵਾਲੀ ਦੇ ਤਿਉਹਾਰ ਮੌਕੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਨੇੜਲੇ ਪਿੰਡ ਘਰਾਚੋਂ ਦੀ ਅਨਾਜ ਮੰਡੀ ਵਿੱਚ ਸਤਵਿੰਦਰ ਸਿੰਘ ਅਤੇ ਹਰਵਿੰਦਰ ਕੌਰ ਦੀ ਅਗਵਾਈ ਹੇਠ ਕਿਸਾਨ ਔਰਤਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਮੇਜਰ ਸਿੰਘ, ਇਕਬਾਲ ਸਿੰਘ, ਪਾਲਾ ਸਿੰਘ, ਗੁਰਮੇਲ ਸਿੰਘ, ਬਲਜੀਤ ਕੌਰ, ਭਰਪੂਰ ਕੌਰ, ਸ਼ਿੰਦਰ ਕੌਰ, ਗੁਰਮੀਤ ਕੌਰ ਅਤੇ ਰਾਜ ਕੌਰ ਨੇ ਸੰਬੋਧਨ ਕੀਤਾ। ਆਗੂਆਂ ਨੇ ਮੰਗਾਂ ਪੂਰੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਝੋਨਾ ਵੇਚਣ ਆਏ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਝੋਨਾ ਨਾ ਵਿਕਣ ਕਰ ਕੇ ਕਿਸਾਨ ਮੰਡੀਆਂ ਵਿੱਚ ਬੈਠਣ ਲਈ ਮਜਬੂਰ ਹਨ। ਇਸੇ ਦੌਰਾਨ ਭਾਕਿਯੂ (ਉਗਰਾਹਾਂ) ਵੱਲੋਂ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਟੌਲ ਪਲਾਜ਼ਾ ਕਾਲਾਝਾੜ ਵਿਖੇ ਅੱਜ 16ਵੇਂ ਦਿਨ ਵੀ ਪੱਕਾ ਧਰਨਾ ਜਾਰੀ ਰੱਖਿਆ ਗਿਆ।
ਕਿਸਾਨਾਂ ਨੇ ਮੁੱਖ ਮੰਤਰੀ ਦਫ਼ਤਰ ਅੱਗੇ ਲਾਏ ਪੱਕੇ ਧਰਨੇ ’ਚ ਗੁਜ਼ਾਰੀ ਦੀਵਾਲੀ ਵਾਲੀ ਰਾਤ
ਧੂਰੀ (ਬੀਰਬਲ ਰਿਸ਼ੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਦੀਆਂ ਮੰਡੀਆਂ ‘ਚ ਹੋ ਰਹੀ ਖੱਜਲ-ਖੁਆਰੀ ਤੇ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਅੱਗੇ ਲਗਾਏ ਪੱਕੇ ਧਰਨੇ ਤਹਿਤ ਦਰਜਨਾਂ ਕਿਸਾਨਾਂ ਨੇ ਦੀਵਾਲੀ ਵਾਲੀ ਰਾਤ ਧਰਨੇ ਵਿੱਚ ਹੀ ਗੁਜ਼ਾਰੀ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਹਰਪਾਲ ਸਿੰਘ ਪੇਧਨੀ ਨੇ ਦੱਸਿਆ ਕਿ ਦਰਜਨਾਂ ਕਿਸਾਨ ਆਪਣੀਆਂ ਮੰਗਾਂ ਦੇ ਹੱਕ ਵਿੱਚ ਤਿਉਹਾਰ ਵਾਲੇ ਦਿਨ ਵੀ ਘਰ ਨਹੀਂ ਗਏ ਸਗੋਂ ਪੱਕੇ ਧਰਨੇ ਵਿੱਚ ਡਟੇ ਹੋਏ ਹਨ। ਆਗੂ ਨੇ ਦੱਸਿਆ ਕਿ ਧੂਰੀ ਮੰਡੀ ਵਿੱਚ ਕਿਸਾਨਾਂ ਨੇ ਪਹੁੰਚ ਕੇ ਸਰਕਾਰ ਦੇ ਮਾਪਦੰਡਾਂ ’ਤੇ ਸਹੀ ਆਉਂਦੇ ਝੋਨੇ ਦੀ ਬੋਲੀ ਨਾ ਲੱਗਣ ਦਾ ਨੋਟਿਸ ਲੈਂਦਿਆਂ ਮੌਕੇ ’ਤੇ ਢੇਰੀਆਂ ਦੀ ਬੋਲੀ ਲਗਵਾਈ। ਉਨ੍ਹਾਂ ਕਿਹਾ ਕਿ ਕੁੱਝ ਸ਼ੈਲਰ ਮਾਲਕ ਝੋਨੇ ਦੀ ਨਮੀ ਚੈੱਕ ਕਰਨ ਵਾਲੇ ਸਰਕਾਰੀ ਯੰਤਰਾਂ ਨੂੰ ਮੰਨਣੋ ਇਨਕਾਰੀ ਹਨ।