ਨਿਜੀ ਪੱਤਰ ਪ੍ਰੇਰਕ
ਸੰਗਰੂਰ, 1 ਨਵੰਬਰ
ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸੰਗਰੂਰ ਵਿੱਚ ਲਗਾਈ ਸਪੈਸ਼ਲ ਪਹਿਲ ਮੰਡੀ ਪੂਰੀ ਤਰ੍ਹਾਂ ਸਫ਼ਲ ਰਹੀ। ਇਸ ਮੰਡੀ ਵਿੱਚ ਤਿਉਹਾਰ ਮੌਕੇ ਕਿਸਾਨਾਂ ਅਤੇ ਸਵੈ ਸੇਵੀ ਸਮੂਹਾਂ ਦੇ ਮੈਂਬਰਾਂ ਵੱਲੋਂ ਹੱਥੀਂ ਤਿਆਰ ਕੀਤੀਆਂ ਗਈਆਂ ਵੱਖ-ਵੱਖ ਕਿਸਮਾਂ ਦੀਆਂ ਖਾਸ ਮਠਿਆਈਆਂ, ਸਰ੍ਹੋਂ ਦਾ ਸਾਗ, ਤੇਲ ਅਤੇ ਹੋਰ ਚੀਜ਼ਾਂ ਨੂੰ ਨਾ ਸਿਰਫ਼ ਸ਼ਹਿਰ ਵਾਸੀਆਂ ਵੱਲੋਂ ਪਸੰਦ ਕੀਤਾ ਗਿਆ ਬਲਕਿ ਖੂਬ ਖਰੀਦਾਰੀ ਵੀ ਕੀਤੀ ਗਈ। ‘ਪਹਿਲ’ ਮੰਡੀ ਦੀ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਏ.ਐੱਸ. ਮਾਨ ਨੇ ਕਿਹਾ, ‘‘ ਰਵਾਇਤੀ, ਸਵਾਦ ਅਤੇ ਸਿਹਤਮੰਦ ਉਤਪਾਦ ਹੀ ‘ਪਹਿਲ’ ਮੰਡੀ ਦੀ ਪਛਾਣ ਹਨ। ਸਾਡਾ ਮੁੱਖ ਮੰਤਵ ਸ਼ਹਿਰ ਵਾਸੀਆਂ ਨੂੰ ਸ਼ੁੱਧ ਉਤਪਾਦ ਮੁਹੱਈਆ ਕਰਵਾਉਣਾ ਹੈ। ਦੀਵਾਲੀ ਮੌਕੇ ਅਕਸਰ ਬਾਜ਼ਾਰਾਂ ਵਿੱਚ ਮਿਲਾਵਟੀ ਮਠਿਆਈਆਂ ਮਿਲਦੀਆਂ ਹਨ ਪਰ ਸਾਡੇ ਵੱਲੋਂ ‘ਪਹਿਲ’ ਮੰਡੀ ਵਿੱਚ ਹੱਥੀਂ ਤਿਆਰ ਕੀਤੀ ਸ਼ੁੱਧ ਬਰਫ਼ੀ, ਖੋਏ ਦੀਆਂ ਪਿੰਨੀਆਂ, ਲੱਡੂ, ਮਿਲਕ ਕੇਕ, ਸ਼ਹਿਦ, ਤੇਲ ਆਦਿ ਮੁਹੱਈਆ ਕਰਵਾਈਆਂ ਗਈਆਂ। ਕਿਸਾਨ ਅਤੇ ਸਵੈ ਸੇਵੀ ਸਮੂਹਾਂ ਦੇ ਮੈਂਬਰਾਂ ਵੱਲੋਂ ਤਿਆਰ ਕੀਤੇ ਰਵਾਇਤੀ ਉਤਪਾਦਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਸ਼ੁੱਧਤਾ ਦੇ ਨਾਲ-ਨਾਲ ਗਾਹਕਾਂ ਦੀਆਂ ਜ਼ਰੂਰਤਾਂ ਅਨੁਸਾਰ ਪੈਕਿੰਗ ਆਦਿ ਕੀਤੀ ਜਾ ਸਕੇ।’’
ਉਨ੍ਹਾਂ ਕਿਹਾ, ‘‘ਇਸ ਵਾਰ ਦੀਵਾਲੀ ਮੌਕੇ ਲੱਗੀ ਸਪੈਸ਼ਲ ਮੰਡੀ ਨੂੰ ਮਿਲੇ ਹੁੰਗਾਰੇ ਨੇ ਨਾ ਸਿਰਫ਼ ਸਾਡੇ ਹੌਸਲੇ ਵਧਾਏ ਹਨ ਬਲਕਿ ਭਵਿੱਖ ਲਈ ਨਵੇਂ ਟੀਚੇ ਨਿਸ਼ਚਿਤ ਕਰ ਦਿੱਤੇ ਹਨ।’’ ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੱਕ ਮੰਡੀ ਵਿੱਚ ਵੱਖ-ਵੱਖ ਤਰ੍ਹਾਂ ਦੇ ਗੁੜ, ਸ਼ੱਕਰ ਵਾਲੇ ਉਤਪਾਦ ਉਪਲਬਧ ਹੋਣਗੇ। ਇਸ ਮੌਕੇ ‘ਪਹਿਲ’ ਮੰਡੀ ਸੁਨਾਮ ਦੇ ਪ੍ਰਬੰਧਕ ਜਤਿੰਦਰ ਜੈਨ, ਰਾਜਿੰਦਰ ਕੁਮਾਰ ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫਸਰ ਦਫ਼ਤਰ ਏਡੀਸੀ (ਡੀ), ਜਗਦੇਵ ਸਿੰਘ ਸਤੌਜ, ਗੁਰਲਾਲ ਸਿੰਘ ਲਹਿਰਾਗਾਗਾ, ਮਨਜੀਤ ਸਿੰਘ ਨਨਹੇੜਾ, ਬਿੰਦਰ ਸਿੰਘ ਜਵੰਧਾ ਆਰਗੈਨਿਕ ਫਾਰਮ, ਦਰਸ਼ਨ ਸਿੰਘ ਪੇਧਨੀ ਕਲਾ, ਸੰਦੀਪ ਕੌਰ ਬਾਲੀਆਂ ਆਦਿ ਹਾਜਰ ਸਨ।