ਵਾਇਨਾਡ, 1 ਨਵੰਬਰ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਲੋਕ ਸਭਾ ਜ਼ਿਮਨੀ ਚੋਣ ਲਈ 3 ਨਵੰਬਰ ਤੋਂ ਮੁੜ ਵਾਇਨਾਡ ’ਚ ਪ੍ਰਚਾਰ ਸ਼ੁਰੂ ਕਰੇਗੀ। ਪਾਰਟੀ ਨੇ ਕਿਹਾ ਕਿ ਉਨ੍ਹਾਂ ਨਾਲ ਭਰਾ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਪਾਰਟੀ ਨੇ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ 7 ਨਵੰਬਰ ਤੱਕ ਕੇਰਲਾ ’ਚ ਪ੍ਰਚਾਰ ਕਰੇਗੀ। ਪ੍ਰਿਯੰਕਾ ਵੱਲੋਂ ਰਾਹੁਲ ਗਾਂਧੀ ਨਾਲ ਮਿਲ ਕੇ 3 ਨਵੰਬਰ ਨੂੰ ਸਵੇਰੇ 11 ਵਜੇ ਰੈਲੀ ਕੀਤੀ ਜਾਵੇਗੀ। ਇਸ ਮਗਰੋਂ ਉਹ ਵੱਖਰੇ ਤੌਰ ’ਤੇ ਤਿੰਨ ਹੋਰ ਮੀਟਿੰਗਾਂ ’ਚ ਸ਼ਾਮਲ ਹੋਵੇਗੀ। ਰਾਹੁਲ ਵੱਖਰੇ ਤੌਰ ’ਤੇ ਅਰੀਕੋਡ ’ਚ ਜਨਤਕ ਮੀਟਿੰਗ ਕਰਨਗੇ। ਪਾਰਟੀ ਨੇ ਕਿਹਾ ਕਿ 4 ਨਵੰਬਰ ਨੂੰ ਪ੍ਰਿਯੰਕਾ ਕਲਪੇਟਾ ਅਤੇ ਸੁਲਤਾਨ ਬਠੇਰੀ ਵਿਧਾਨ ਸਭਾ ਹਲਕਿਆਂ ’ਚ ਪੰਜ ਥਾਵਾਂ ’ਤੇ ਨੁੱਕੜ ਮੀਟਿੰਗਾਂ ਕਰੇਗੀ। ਕਾਂਗਰਸ ਆਗੂ ਵੱਲੋਂ ਇਹ ਚੋਣ ਰੈਲੀਆਂ ਉਸ ਸਮੇਂ ਕੀਤੀਆਂ ਜਾ ਰਹੀਆਂ ਹਨ, ਜਦੋਂ ਵਿਰੋਧੀ ਉਮੀਦਵਾਰਾਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਹੈ ਕਿ ਪ੍ਰਿਯੰਕਾ ਮਹਿਮਾਨ ਅਤੇ ਮੌਸਮੀ ਤਿਉਹਾਰਾਂ ਵਾਂਗ ਹਲਕੇ ’ਚ ਆਇਆ-ਜਾਇਆ ਕਰੇਗੀ।-ਪੀਟੀਆਈ