ਅਹਿਮਦਾਬਾਦ, 1 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ 15 ਮੈਗਾਵਾਟ ਦੀ ਸਮਰੱਥਾ ਵਾਲੇ ਬਿਜਲੀ ਪਲਾਂਟ ਦਾ ਉਦਘਾਟਨ ਕੀਤਾ, ਜੋ ਬਿਜਲੀ ਪੈਦਾਵਾਰ ਲਈ ਠੋਸ ਕਚਰੇ ਦੀ ਵਰਤੋਂ ਕਰੇਗਾ। ਸੂਬਾ ਸਰਕਾਰ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਇਹ ਪਲਾਂਟ ਅਹਿਮਦਾਬਾਦ ਦੇ ਬਾਹਰੀ ਇਲਾਕੇ ’ਚ ਪਿਪਲਾਜ ਪਿੰਡ ਨੇੜੇ 375 ਕਰੋੜ ਰੁਪਏ ਦੀ ਲਾਗਤ ਨਾਲ ਜਨਤਕ ਨਿੱਜੀ ਭਾਈਵਾਲੀ (ਪੀਪੀਪੀ) ਤਹਿਤ ਸਥਾਪਤ ਕੀਤਾ ਗਿਆ ਹੈ। ਗੁਜਰਾਤ ’ਚ ਕਚਰੇ ਤੋਂ ਬਿਜਲੀ ਪੈਦਾ ਕਰਨ ਵਾਲਾ ਇਹ ਸਭ ਤੋਂ ਵੱਡਾ ਪਲਾਂਟ ਹੈ। ਸ਼ਾਹ ਬੀਤੇ ਦਿਨ ਤੋਂ ਆਪਣੇ ਪਿਤਰੀ ਸੂਬੇ ਗੁਜਰਾਤ ਦੇ ਦੌਰੇ ’ਤੇ ਹਨ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਦੀ ਮੌਜੂਦਗੀ ’ਚ 15 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਪਲਾਂਟ ਦਾ ਉਦਘਾਟਨ ਕੀਤਾ। ਉਦਘਾਟਨ ਮਗਰੋਂ ਸ਼ਾਹ ਨੇ ਪਲਾਂਟ ਦਾ ਦੌਰਾ ਕਰਕੇ ਅਧਿਕਾਰੀਆਂ ਤੋਂ ਇਸ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ। -ਪੀਟੀਆਈ