ਖੇਤਰੀ ਪ੍ਰਤੀਨਿਧ
ਪਟਿਆਲਾ, 1 ਨਵੰਬਰ
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਸਰਾਕਰ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਬੰਦੀ ਛੋੜ ਦਿਵਸ ਸਬੰਧੀ ਪੋਸਟ ਪਾਉਣ ਮਗਰੋਂ ਹਟਾ ਲਏ ਜਾਣ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਇੱਕ ਬਿਆਨ ਜਾਰੀ ਕਰ ਕੇ ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਹਰੇਕ ਧਰਮ ਦੇ ਤਿਉਹਾਰਾਂ ਤੇ ਸੱਭਿਆਚਾਰ ਦਾ ਹਮੇਸ਼ਾ ਸਤਿਕਾਰ ਕੀਤਾ ਜਾਂਦਾ ਹੈ ਪ੍ਰੰਤੂ ਜੇਕਰ ਸਿੱਖ ਧਰਮ ਬਾਰੇ ਕੋਝੀਆਂ ਹਰਕਤਾਂ ਸਾਹਮਣੇ ਆਉਣ ਤਾਂ ਇਹ ਨਾ ਬਰਦਾਸ਼ਤਯੋਗ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਸਾਹਮਣੇ ਆਈ ਅਜਿਹੀ ਕਾਰਵਾਈ ਕੇਂਦਰ ਸਰਕਾਰ ਵੱਲੋਂ ਸਿੱਖ ਧਰਮ ਨਾਲ ਬੇਗਾਨਗੀ ਵਾਲਾ ਵਰਤਾਰੇ ਦੇ ਤੁਲ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਪਾਈ ਗਈ ਬੰਦੀ ਛੋੜ ਦਿਹਾੜੇ ਦੇ ਪਿਛੋਕੜ ਨੂੰ ਦਰਸਾਉਂਦੀ ਵੀਡੀਓ ਕੁਝ ਚਿਰ ਬਾਅਦ ਹੀ ਹਟਾ ਦਿੱਤੀ ਗਈ, ਜਿਸ ਕਾਰਨ ਸਿੱਖ ਕੌਮ ਵੱਲੋਂ ਇਸ ’ਤੇ ਸਖਤ ਇਤਰਾਜ਼ ਦਾਇਰ ਕੀਤਾ ਗਿਆ ਹੈ। ਉਨ੍ਹਾਂ ਇਹ ਪੋਸਟਾਂ ਸੋਸ਼ਲ ਮੀਡੀਆ ’ਤੇ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਜਸਮੇਰ ਸਿੰਘ ਲਾਛੜੂ, ਨੌਜਵਾਨ ਆਗੂ ਸੁਰਿੰਦਰ ਸਿੰਘ ਘੁਮਾਣਾ, ਬਲਵਿੰਦਰ ਸਿੰਘ ਨੇਪਰਾਂ ਨੇ ਪੋਸਟ ਦੀ ਬਹਾਲੀ ’ਤੇ ਜ਼ੋਰ ਦਿੱਤਾ ਹੈ।