ਹਤਿੰਦਰ ਮਹਿਤਾ
ਜਲੰਧਰ, 1 ਨਵੰਬਰ
ਇਥੇ ਮਾਡਲ ਟਾਊਨ ਨੇੜੇ ਤਿੰਨ ਕਾਰਾਂ ਦੀ ਟੱਕਰ ਵਿੱਚ ਪਿਤਾ-ਪੁੱਤਰ ਦੀ ਮੌਤ ਹੋ ਗਈ। ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਿਓ-ਪੁੱਤ ਸੜਕ ਕੰਢੇ ਖੜ੍ਹੇ ਸਨ ਅਤੇ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਇਸ ਹਾਦਸੇ ਵਿੱਚ ਚਾਰ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਆਸ-ਪਾਸ ਦੇ ਲੋਕਾਂ ਮੁਤਾਬਕ ਐੱਸਯੂਵੀ, ਵੈਨਿਊ ਤੇ ਵਰਨਾ ਕਾਰਾਂ ਕਾਫੀ ਤੇਜ਼ ਸਨ, ਜੋ ਬੇਕਾਬੂ ਹੋ ਗਈਆਂ ਅਤੇ ਉਨ੍ਹਾਂ ਸੜਕ ਕੰਢੇ ਖੜ੍ਹੇ ਪਿਓ ਪੁੱਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ’ਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸੰਦੀਪ ਸ਼ਰਮਾ (53) ਤੇ ਸਨਨ ਸ਼ਰਮਾ (17) ਵਾਸੀ ਮਕਦੂਮਪੁਰਾ, ਧੋਬੀ ਮੁਹੱਲਾ ਵਜੋਂ ਹੋਈ ਹੈ। ਹਾਦਸਾ ਲੰਘੀ ਦੇਰ ਰਾਤ ਮਾਡਲ ਟਾਊਨ ਦੇ ਮਾਲ ਰੋਡ ’ਤੇ ਹੋਇਆ।