ਗਗਨਦੀਪ ਅਰੋੜਾ
ਲੁਧਿਆਣਾ, 1 ਨਵੰਬਰ
ਸਮਾਰਟ ਸਿਟੀ ਲੁਧਿਆਣਾ ਦੇ ਵਸਨੀਕਾਂ ਨੇ ਵੀਰਵਾਰ ਤੇ ਸ਼ੁੱਕਰਵਾਰ ਦੋਵੇਂ ਦਿਨ ਉਤਸਾਹ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਬਾਜ਼ਾਰਾਂ ਵਿੱਚ ਕਈ ਦਿਨਾਂ ਤੋਂ ਦੀਵਾਲੀ ਸਬੰਧੀ ਰੌਣਕਾਂ ਲੱਗੀਆਂ ਹੋਈਆਂ ਸਨ। ਦੋਵੇਂ ਦਿਨ ਲੋਕਾਂ ਨੇ ਕਾਫ਼ੀ ਖਰੀਦਦਾਰੀ ਕੀਤੀ ਤੇ ਸ਼ਾਮ ਨੂੰ ਪੂਜਾ ਕਰਨ ਤੋਂ ਬਾਅਦ ਮਾਤਾ ਲਕਸ਼ਮੀ ਦੀ ਪੂਜਾ ਕਰ ਦੀਵਾਲੀ ਮਨਾਈ। ਪਟਾਕਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਲੋਕਾਂ ਨੇ ਦੋਵੇਂ ਦਿਨ ਦੇਰ ਰਾਤ ਤੱਕ ਪਟਾਕੇ ਚਲਾਏ। ਕਰੋੜਾਂ ਰੁਪਏ ਦੇ ਪਟਾਕੇ ਇਨ੍ਹਾਂ ਦਿਨਾਂ ਦੌਰਾਨ ਖਰੀਦੇ ਤੇ ਚਲਾਏ ਗਏ। ਉਧਰ, ਗੁਰਦੁਆਰਿਆਂ ਵਿੱਚ ਬੰਦੀ ਛੋੜ ਦਿਵਸ ਮੌਕੇ ਵੱਡੀ ਗਿਣਦੀ ਸੰਗਤ ਜੁੜੀ। ਜ਼ਿਆਦਾਤਰ ਗੁਰਦੁਆਰਿਆਂ ਵਿੱਚ ਸਮਾਗਮ ਕਰਵਾਏ ਗਏ, ਜਿਥੇ ਸੰਗਤ ਨੇ ਘਿਓ ਦੇ ਦੀਵੇ ਬਾਲ ਕੇ ਦੀਵਾਲੀ ਮਨਾਈ। ਦੀਵਾਲੀ ਮੌਕੇ ਸ਼ਹਿਰ ਦੇ ਗੁਰਦੁਆਰਿਆਂ ਤੇ ਮੰਦਿਰਾਂ ਵਿੱਚ ਸ਼ਾਮ ਵੇਲੇ ਪੂਜਾ-ਪਾਠ ਲਈ ਵੱਡੀ ਗਿਣਤੀ ਸੰਗਤ ਜੁੜੀ। ਜਿਥੇ ਲੋਕਾਂ ਨੇ ਮੋਮਬਤੀਆਂ ਤੇ ਦੀਵੇ ਬਾਲ ਕੇ ਆਪਣੇ ਆਪਣੇ ਈਸ਼ਟ ਪੂਜੇ। ਸ਼ਹਿਰ ਦੇ ਲੋਕਾਂ ਨੇ ਦੀਵਾਲੀ ਦਾ ਤਿਉਹਾਰ ’ਤੇ ਰੌਣਕਾਂ ਲੱਗੀਆਂ ਰਹੀਆਂ। ਸ਼ਹਿਰ ਦੇ ਘੁਮਾਰ ਮੰਡੀ, ਚੌੜਾ ਬਾਜ਼ਾਰ, ਮਾਡਲ ਟਾਊਨ, ਜਵਾਹਰ ਨਗਰ ਕੈਂਪ, ਦੁਗਰੀ, ਸਾਉਥ ਸਿਟੀ, ਚੰਡੀਗੜ੍ਹ ਰੋਡ ਵਰਗੇ ਇਲਾਕਿਆਂ ਵਿੱਚ ਬਾਜ਼ਾਰਾਂ ਵਿੱਚ ਰੌਣਕਾ ਸੀ। ਦੀਵਾਲੀ ਮਨਾਉਣ ਦੀ ਤਾਰੀਕ ਬਾਰੇ ਕਾਫ਼ੀ ਭੰਬਲਭੂਸਾ ਸੀ, ਇਸ ਕਰਕੇ ਲੁਧਿਆਣਾ ਦੇ ਲੋਕਾਂ ਨੇ ਦੋਵੇਂ ਦਿਨ ਤਿਉਹਾਰ ਮਨਾਇਆ ਹਾਲਾਂਕਿ, ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ ਵੀਰਵਾਰ ਦੀ ਹੀ ਛੁੱਟੀ ਸੀ। ਸ਼ੁੱਕਰਵਾਰ ਦਫ਼ਤਰ ਪਹਿਲਾਂ ਦੀ ਤਰ੍ਹਾਂ ਖੁੱਲ੍ਹੇ ਤੇ ਲੋਕਾਂ ਨੇ ਕੰਮ ਕੀਤਾ। ਦੁਪਹਿਰ ਬਾਅਦ ਜ਼ਿਆਦਾਤਰ ਦਫ਼ਤਰ ਖਾਲੀ ਹੋ ਗਏ।
ਕਰੋੜਾਂ ਰੁਪਏ ਦੇ ਪਟਾਕੇ ਚਲਾਏ
ਸਨਅਤੀ ਸ਼ਹਿਰ ਵਿੱਚ ਪਟਾਕਿਆਂ ਦੀਆਂ 36 ਤੋਂ ਵੱਧ ਦੁਕਾਨਾਂ ਮੰਨਜ਼ੂਰੀ ਦਿੱਤੀ ਸੀ। ਜਿਥੇ ਕਰੋੜਾਂ ਰੁਪਏ ਦੇ ਪਟਾਕੇ ਲੋਕਾਂ ਨੇ ਖਰੀਦੇ ਤੇ ਦੋ ਦਿਨ ਲਗਾਤਾਰ ਪਟਾਕੇ ਚਲਾਏ। ਪਟਾਕਿਆਂ ਕਾਰਨ ਅਸਮਾਨ ਵਿੱਚ ਕੁੱਝ ਧੁੰਆਂ ਵੀ ਜ਼ਰੂਰ ਰਿਹਾ ਪਰ ਲੋਕ ਪਟਾਕੇ ਚਲਾਉਂਦੇ ਰਹੇ। ਦੇਰ ਰਾਤ ਲੁਧਿਆਣਾ ਦੇ ਵਸਨੀਕ ਸੜਕਾਂ ਤੇ ਘਰਾਂ ਦੇ ਬਾਹਰ ਪਟਾਕੇ ਚਲਾਉਂਦੇ ਨਜ਼ਰ ਆਏ। ਪੁਰਾਣੇ ਸ਼ਹਿਰ ਵੱਚ ਪਟਾਕੇ ਜ਼ਿਆਦਾ ਚਲਾਏ ਗਏ।