ਰਾਮ ਗੋਪਾਲ ਰਾਏਕੋਟੀ
ਰਾਏਕੋਟ, 1 ਨੰਵਬਰ
ਸ਼ਹਿਰ ਦੇ ਕਮੇਟੀ ਗੇਟ ਇਲਾਕੇ ਵਿੱਚ ਬੀਤੀ ਦੇਰ ਰਾਤ ਕਮੇਟੀ ਗੇਟ ਨੇੜੇ ਇੱਕ ਸੰਘਣੀ ਆਬਾਦੀ ਵਾਲੀ ਗਲੀ ਵਿੱਚ ਸਥਿਤ ਦੁਕਾਨ-ਕਮ-ਗੁਦਾਮ ਸ੍ਰੀ ਬਾਂਸਲ ਐਂਟਰਪ੍ਰਾਈਜ਼ਿਜ਼ ਵਿੱਚ ਅੱਗ ਲੱਗ ਜਾਣ ਕਾਰਨ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਖਬਰ ਮਿਲਣ ਮਗਰੋਂ ਇਲਾਕੇ ਦੇ ਲੋਕਾਂ ਨੇ ਇਕੱਤਰ ਹੋ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਪੁਲੀਸ ਅਤੇ ਨਗਰ ਪ੍ਰਸ਼ਾਸਨ ਨੂੰ ਵੀ ਇਸ ਦੀ ਸੂਚਨਾ ਦਿੱਤੀ। ਇਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਨੂੰ ਜ਼ਿਆਦਾ ਫੈਲਣ ਤੋਂ ਰੋਕ ਲਿਆ ਗਿਆ ਤੇ ਨੇੜਲੀਆਂ ਦੁਕਾਨਾਂ ਦਾ ਨੁਕਸਾਨ ਹੋਣ ਤੋਂ ਬੱਚ ਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨ ਮਾਲਕ ਸੰਦੀਪ ਬਾਂਸਲ ਨੇ ਦੱਸਿਆ ਕਿ ਉਹ 31 ਅਕਤੂਬਰ ਦੀ ਸ਼ਾਮ 6.30 ਵਜੇ ਦੁਕਾਨ ਬੰਦ ਕਰ ਕੇ ਘਰ ਗਿਆ ਸੀ ਤੇ ਰਾਤ 10.00 ਵਜੇ ਚੌਕੀਦਾਰ ਨੇ ਫੋਨ ਕਰਕੇ ਦੁਕਾਨ ਵਿੱਚ ਅੱਗ ਲੱਗਣ ਦੀ ਖ਼ਬਰ ਦਿੱਤੀ। ਜਦੋਂ ਉਸ ਨੇ ਆ ਕੇ ਦੁਕਾਨ ਖੋਲ੍ਹੀ ਤਾਂ ਅੱਗ ਫੈਲ ਗਈ ਤੇ ਤੇਜ਼ ਗਰਮੀ ਕਾਰਨ ਗਾਡਰ ਬਾਲਿਆਂ ਦੀ ਛੱਤ ਹੇਠਾਂ ਡਿੱਗ ਪਈ। ਸੰਦੀਪ ਬਾਂਸਲ ਨੇ ਦੱਸਿਆ ਕਿ ਹਾਲੇ ਚਾਰ ਦਿਨ ਪਹਿਲਾਂ ਹੀ ਉਸ ਨੇ ਛੱਤ ’ਤੇ 12 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਪੈਨਲ ਲਗਵਾਇਆ ਸੀ। ਉਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦਾ ਲਗਪਗ ਡੇਢ ਕਰੋੜ ਰੁਪਏ ਦਾ ਸਾਮਾਨ ਕੋਲਡ ਡਰਿੰਕਸ, ਸਾਫਟ ਡਰਿੰਕਸ, ਰਿਫਾਇੰਡ ਆਇਲ, ਸਰ੍ਹੋਂ ਦਾ ਤੇਲ, ਫੈਵੀਕੋਲ ਦੀ ਡਰੱਮ, ਕੰਫੈਕਸ਼ਨਰੀ, ਬੇਕਰੀ ਆਈਟਮਾਂ ਅਤੇ ਸਾਮਾਨ ਨੂੰ ਠੰਢਾ ਰੱਖਣ ਲਈ ਦੁਕਾਨ ਵਿੱਚ ਰੱਖੇ ਕਈ ਰੈਫ੍ਰਿਜਰੇਟਰ ਆਦਿ ਸੜ ਗਏ।