ਨਵੀਂ ਦਿੱਲੀ, 1 ਨਵੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਦਾਅਵਾ ਕੀਤਾ ਕਿ ਦੀਵਾਲੀ ਮੌਕੇ ਦਿੱਲੀ ਵਾਸੀਆਂ ਨੇ ‘ਪਟਾਕੇ ਚਲਾਉਣ ਤੋਂ ਪਰਹੇਜ਼’ ਕਰਦਿਆਂ ਸ਼ਹਿਰ ਦੇ ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) ਨੂੰ ‘ਗੰਭੀਰ’ ਸ਼੍ਰੇਣੀ’ ਵਿੱਚ ਨਿੱਘਰਨ ਤੋਂ ਰੋਕਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਇਸ ਲਈ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਭਾਜਪਾ ਦੀ ਹਕੂਮਤ ਵਾਲੇ ਸੂਬਿਆਂ ਨੂੰ ਦਿੱਲੀ ਤੋਂ ਸੇਧ ਲੈਣ ਦੀ ਸਲਾਹ ਤੱਕ ਦੇ ਦਿੱਤੀ ਹੈ। ਰਾਏ ਨੇ ਕਿਹਾ, “ਬਹੁਤ ਸਾਰੇ ਲੋਕਾਂ ਨੇ ਪਟਾਕੇ ਨਹੀਂ ਚਲਾਏ, ਜਿਸ ਕਾਰਨ ਅਸੀਂ ਏਕਿਊਆਈ ਨੂੰ ਖਤਰਨਾਕ ਪੱਧਰ ਤੱਕ ਪਹੁੰਚਣ ਤੋਂ ਬਚਾਇਆ। ਉਨ੍ਹਾਂ ਦੇ ਇਸ ਜ਼ਿੰਮੇਵਾਰੀ ਵਾਲੇ ਰਵੱਈਏ ਲਈ ਉਨ੍ਹਾਂ ਦਾ ਧੰਨਵਾਦ।’’ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਸਨੀਕਾਂ ਨੇ ਪਾਬੰਦੀ ਦੀ ਪਾਲਣਾ ਕੀਤੀ, ਫਿਰ ਵੀ ਕੁਝ ਲੋਕਾਂ ਨੇ ਪਟਾਕੇ ਚਲਾਏ। ਜੇਕਰ ਪਾਬੰਦੀ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਂਦੀ ਤਾਂ ਹਵਾ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਹੋ ਸਕਦਾ ਸੀ। ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਦੀਵਾਲੀ ’ਤੇ ਇੱਕ ਵਿਸ਼ੇਸ਼ ਧੂੜ ਕੰਟਰੋਲ ਮੁਹਿੰਮ ਵੀ ਸ਼ੁਰੂ ਕੀਤੀ ਹੈ।
ਐਂਟੀ-ਸਮੌਗ ਗੰਨਾਂ ਨੂੰ ਹਰੀ ਝੰਡੀ ਦਿਖਾਉਂਦਿਆਂ ਗੋਪਾਲ ਰਾਏ ਨੇ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਦੋ ਮੋਬਾਈਲ ਧੂੰਆਂਖੀ ਧੁੰਦ ਰੋਕੂ ਗੰਨਾਂ ਤਾਇਨਾਤ ਕੀਤੀਆਂ ਗਈਆਂ, ਜੋ ਧੂੜ ਨੂੰ ਘਟਾਉਣ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਸੜਕਾਂ ’ਤੇ ਪਾਣੀ ਦਾ ਛਿੜਕਾਅ ਕਰਦੀਆਂ ਹਨ।
ਦੂਜੇ ਪਾਸੇ ਭਾਜਪਾ ਨੇ ਵੀ ਪ੍ਰਦੂਸ਼ਣ ਲਈ ਦੀਵਾਲੀ ਦੀ ਥਾਂ ਦਿੱਲੀ ਵਿਚ ਵਾਹਨਾਂ ਦੀ ਭਾਰੀ ਆਵਾਜਾਈ ਅਤੇ ਦਿੱਲੀ ਸਰਕਾਰ ਦੀ ਸੜਕਾਂ ਦੀ ਹਾਲਤ ਸੁਧਾਰਨ ਵਿਚ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। -ਪੀਟੀਆਈ