ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਬੁਰਜਗਿੱਲ) ਦੇ ਜ਼ਿਲ੍ਹਾ ਪੱਧਰੀ ਵਫ਼ਦ ਨੇ ਅੱਜ ਇਲਾਕੇ ਦੀਆਂ ਕੁਝ ਮੰਡੀਆਂ ਦਾ ਦੌਰਾ ਕਰਨ ਮਗਰੋਂ ਸਰਕਾਰ ਨੂੰ ਕਿਸਾਨਾਂ ਦੀ ਲੁੱਟ ਤੇ ਖਰੀਦ ਸਹੀ ਢੰਗ ਨਾਲ ਨਾ ਹੋਣ ਖ਼ਿਲਾਫ਼ ਤਾੜਨਾ ਕੀਤੀ। ਪਿੰਡ ਹਾਂਸ ਕਲਾਂ ਦੀ ਮੰਡੀ ’ਚ ਮੀਡੀਆ ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਨੂੰ ਇਕ ਮਹੀਨਾ ਹੋ ਚੁੱਕਾ ਹੈ ਪਰ ਨਾ ਤਾਂ ਖਰੀਦ ਸਹੀ ਢੰਗ ਨਾਲ ਹੋ ਰਹੀ ਹੈ ਅਤੇ ਨਾ ਹੀ ਕਿਸਾਨਾਂ ਨੂੰ ਪੂਰਾ ਭਾਅ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਮੰਡੀਆਂ ’ਚ ਦੇਖਣ ਨੂੰ ਮਿਲਿਆ ਕਿ ਕਿਸਾਨਾਂ ਨੂੰ ਘੱਟ ਭਾਅ ’ਤੇ ਝੋਨਾ ਵੇਚਣ ਲਈ ਮਜਬੂਰ ਕੀਤਾ ਗਿਆ ਹੈ। ਮੰਡੀਆਂ ’ਚ ਕਿਸਾਨਾਂ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਵੀ ਉਨ੍ਹਾਂ ਨੂੰ ਰੁਲਣਾ ਪਿਆ ਜੋ ਕੇ ਪਹਿਲਾਂ ਕਦੇ ਨਹੀਂ ਹੋਇਆ। ਝੋਨੇ ਦੇ ਸੀਜ਼ਨ ਦੌਰਾਨ ਖਰੀਦੇ ਝੋਨੇ ਦੀ ਲਿਫਟਿੰਗ ਵੀ ਨਹੀਂ ਹੋ ਰਹੀ। ਕਈ-ਕਈ ਦਿਨ ਝੋਨਾ ਮੰਡੀਆਂ ’ਚ ਪਏ ਰਹਿਣ ਨਾਲ ਆਉਣ ਵਾਲੀ ਸ਼ਾਰਟੇਜ ਮਜ਼ਦੂਰਾਂ ਸਿਰ ਪਾਈ ਜਾਵੇਗੀ ਜੋ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਚੁਕਾਈ ਜੇ ਤੇਜ਼ੀ ਨਾਲ ਸ਼ੁਰੂ ਨਾ ਹੋਈ ਤਾਂ ਸਬ-ਡਿਵੀਜ਼ਨਲ ਮੈਜਿਸਟਰੇਟ ਜਗਰਾਉਂ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ, ਦਵਿੰਦਰ ਸਿੰਘ ਕਾਉਂਕੇ, ਚਮਕੌਰ ਸਿੰਘ ਗਿੱਲ, ਸੁਖਵਿੰਦਰ ਸਿੰਘ ਫੌਜੀ, ਧਰਮ ਸਿੰਘ ਸੂਜਾਪੁਰ, ਪਰਦੀਪ ਸਿੰਘ, ਗੁਰਦੀਪ ਸਿੰਘ ਬਾਬਾ, ਪਾਲ ਸਿੰਘ ਹਾਂਸ, ਬੂਟਾ ਸਿੰਘ ਹਾਂਸ, ਰਜਿੰਦਰ ਸਿੰਘ, ਜਰਨੈਲ ਸਿੰਘ, ਬਿੰਦਰ ਸੂਜਾਪੁਰ, ਜਗਦੇਵ ਸਿੰਘ ਬਾਰਦੇਕੇ, ਆਤਮਾ ਸਿੰਘ ਸੂਜਾਪੁਰ, ਸਤਵੰਤ ਸਿੰਘ ਹਾਂਸ ਹਾਜ਼ਰ ਸਨ।